ਹੁਣ ਦੇਸ਼ ਨੂੰ ਬਦਲਵੀਂ ਲੀਡਰਸ਼ਿਪ ਦੀ ਲੋੜ : ਸ਼ਸ਼ੀ ਥਰੂਰ
Monday, Feb 05, 2024 - 11:58 AM (IST)
ਜੈਪੁਰ- ਲੋਕਰਾਜੀ ਅਦਾਰਿਆਂ ਦੇ ਖਾਤਮੇ ’ਤੇ ਚਿੰਤਾ ਪ੍ਰਗਟ ਕਰਦਿਆਂ ਸੀਨੀਅਰ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਐਤਵਾਰ ਇੱਥੇ ਕਿਹਾ ਕਿ ਬਹੁਮਤ ਦੀ ਆੜ ਵਿਚ ਦੇਸ਼ ਚੋਣਾ ਵਾਲੇ ਲੋਕਰਾਜ ਦੀ ਬਜਾਏ ਤਾਨਾਸ਼ਾਹੀ ’ਚ ਬਦਲ ਰਿਹਾ ਹੈ। ਥਰੂਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਅਸਿੱਧੇ ਤੌਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਭਾਰਤੀ ਸਿਆਸੀ ਦ੍ਰਿਸ਼ ਨਿੱਜੀ ਪੱਧਰ ’ਤੇ ਕੇਂਦਰਿਤ ਹੋ ਗਿਆ ਹੈ। ਪਿਛਲੇ 10 ਸਾਲਾਂ ਤੋਂ ਦੇਸ਼ ਨੇ ‘ਮੈਂ’ ਅਤੇ ‘ਸਿਰਫ਼ ਮੈਂ’ ਹੀ ਸੁਣਿਆ ਹੈ। ਹੁਣ ਦੇਸ਼ ਨੂੰ ਇੱਕ ਬਦਲਵੀਂ ਲੀਡਰਸ਼ਿਪ ਦੀ ਲੋੜ ਹੈ, ਜੋ ਲੋਕਾਂ ਦੀ ਗੱਲ ਸੁਣੇ, ਉਨ੍ਹਾਂ ਦੀਆਂ ਲੋੜਾਂ ਨੂੰ ਸਮਝੇ ਅਤੇ ਸਮੱਸਿਆਵਾਂ ਦਾ ਹੱਲ ਲੱਭੇ।
ਸਾਬਕਾ ਨੌਕਰਸ਼ਾਹ, ਲੇਖਕ ਅਤੇ ਕਾਂਗਰਸ ਦੇ ਨੇਤਾ ਸ਼ਸ਼ੀ ਥਰੂਰ ਯਾਰਕ ਯੂਨੀਵਰਸਿਟੀ ਦੇ ਗਲੋਬਲ ਡਿਵੈਲਪਮੈਂਟ ਪਾਲਿਟਿਕਸ ਦੇ ਸੀਨੀਅਰ ਪ੍ਰੋਫੈਸਰ ਇੰਦਰਜੀਤ ਰਾਏ ਦੀ ਇੱਕ ਕਿਤਾਬ ਨੂੰ ਰਿਲੀਜ਼ ਕਰਨ ਦੇ ਮੌਕੇ ’ਤੇ ਹੋਈ ਚਰਚਾ ਵਿੱਚ ਹਿੱਸਾ ਲੈ ਰਹੇ ਸਨ।
ਪ੍ਰਧਾਨ ਮੰਤਰੀ ਮੋਦੀ ਦਾ ਨਾਂ ਲਏ ਬਿਨਾਂ ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਦਸ ਸਾਲਾਂ ’ਚ ‘ਮੈਂ-ਮੈਂ ' ਬਹੁਤ ਸੁਣਿਆ ਹੈ। ਸਿਰਫ ਇਕ ਵਿਅਕਤੀ ਦੀ ਗੱਲ ਹੋਈ ਹੈ। ਇਸ ਦਾ ਜਵਾਬ ਇਕ ਵੱਖਰੀ ਕਿਸਮ ਦੀ ਲੀਡਰਸ਼ਿਪ ਬਣਾਉਣਾ ਹੈ। ਇਹ ਪੁੱਛੇ ਜਾਣ ’ਤੇ ਕਿ ਤ੍ਰਿਣਮੂਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਕ੍ਰਮਵਾਰ ਪੱਛਮੀ ਬੰਗਾਲ ਅਤੇ ਪੰਜਾਬ ’ਚ ਇਕੱਲਿਆਂ ਚੋਣ ਲੜਨ ਦੇ ਐਲਾਨਾਂ ਦੇ ਸੰਦਰਭ ’ਚ ‘ਇੰਡੀਆ’ ਗਠਜੋੜ ਇੱਕਮੁੱਠ ਕਿਉਂ ਨਹੀਂ ਹੋ ਰਿਹਾ, ਥਰੂਰ ਨੇ ਕਿਹਾ ਕਿ ਹਕੀਕਤ ਇਹ ਹੈ ਕਿ ਇੱਥੇ ਕਈ ਸਿਆਸੀ ਪਾਰਟੀਆਂ ਹਨ। ਕੋਈ ਵੀ ਇਕ ਫਾਰਮੂਲਾ ਸਾਰਿਆਂ 'ਤੇ ਲਾਗੂ ਨਹੀਂ ਹੋ ਸਕਦਾ। ਹਰੇਕ ਸੂਬੇ ਦੀ ਆਪਣੀ ਰਾਜਨੀਤੀ ਅਤੇ ਆਪਣਾ ਸਿਆਸੀ ਇਤਿਹਾਸ ਹੈ। ਕੁਝ ਸੂਬੇ ਅਜਿਹੇ ਹਨ ਜਿੱਥੇ ਅਸੀਂ ਇੱਕ ਦੂਜੇ ਨਾਲ ਸਹਿਮਤ ਹਾਂ। ਕੁਝ ਸੂਬਿਆਂ ਸਹਿਮਤ ’ਚ ਸਹਿਮਤ ਨਹੀਂ ਹਾਂ।