ਹੁਣ UAE ’ਚ ਵਿਕਣਗੀਆਂ ਕਸ਼ਮੀਰ ਦੀਆਂ ਸਬਜ਼ੀਆਂ, ਪਹਿਲੀ ਖੇਪ ਪਹੁੰਚੀ ਸੰਯੁਕਤ ਅਰਬ ਅਮੀਰਾਤ
Wednesday, Jan 25, 2023 - 05:17 AM (IST)

ਦੁਬਈ : ਜੰਮੂ-ਕਸ਼ਮੀਰ ’ਚ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਹਨ। ਫ਼ਲਾਂ ਵਾਂਗ ਹੀ ਹੁਣ ਕਸ਼ਮੀਰ ਦੀਆਂ ਸਬਜ਼ੀਆਂ ਵੀ ਵਿਦੇਸ਼ਾਂ ’ਚ ਵਿਕਣਗੀਆਂ। ਕਸ਼ਮੀਰ ਆਧਾਰਿਤ ਸਬਜ਼ੀਆਂ, ਮਸਾਲੇ ਅਤੇ ਹੋਰ ਖੇਤੀ ਵਸਤੂਆਂ ਨੂੰ ਗਲੋਬਲ ਪਲੇਟਫਾਰਮ ’ਤੇ ਪੇਸ਼ ਕਰਨ ਲਈ ਇਸ ਦੀ ਪਹਿਲੀ ਖੇਪ ਯੂ.ਏ.ਈ. ਨੂੰ ਭੇਜੀ ਗਈ ਹੈ। ਖੇਤੀਬਾੜੀ ਵਿਭਾਗ ਕਸ਼ਮੀਰ ਦੇ ਸਹਿਯੋਗ ਨਾਲ ਇਕ ਅੰਤਰਰਾਸ਼ਟਰੀ ਮਾਰਕੀਟਿੰਗ ਸਮੂਹ ਲੁਲੁ ਨੇ ਕਸ਼ਮੀਰ ਦੀਆਂ ਵਿਸ਼ੇਸ਼ ਸਬਜ਼ੀਆਂ (ਮੂਲੀ, ਸ਼ਲਗਮ, ਗਾਜਰ) ਦੀ ਪਹਿਲੀ ਖੇਪ ਯੂ.ਏ.ਈ. ਨੂੰ ਭੇਜੀ ਹੈ।
ਇਹ ਖ਼ਬਰ ਵੀ ਪੜ੍ਹੋ ; Air India ਨੇ ਸ਼ਰਾਬ ਨੀਤੀ ’ਚ ਕੀਤਾ ਬਦਲਾਅ, ਆਸਾਨ ਨਹੀਂ ਹੋਵੇਗਾ ਫਲਾਈਟ ’ਚ ਸ਼ਰਾਬ ਪੀਣਾ
ਭਾਵੇਂ ਕਸ਼ਮੀਰ ਦੇ ਸੇਬ ਭਾਰਤ ’ਚ ਹੀ ਨਹੀਂ ਸਗੋਂ ਵਿਦੇਸ਼ਾਂ ’ਚ ਵੀ ਮਸ਼ਹੂਰ ਹਨ ਪਰ ਹੁਣ ਕਸ਼ਮੀਰ ਦਾ ਖੇਤੀਬਾੜੀ ਵਿਭਾਗ ਕਸ਼ਮੀਰ ਦੀਆਂ ਸਬਜ਼ੀਆਂ ਅਤੇ ਇਥੋਂ ਦੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਕੰਮ ਕਰ ਰਿਹਾ ਹੈ। ਆਲਮੀ ਖੇਤੀ ਵਪਾਰ ’ਚ ਕਸ਼ਮੀਰ ਦੇ ਕਿਸਾਨਾਂ, ਖੇਤੀ ਉੱਦਮੀਆਂ ਦੀ ਭਾਈਵਾਲੀ ਵਧਾਉਣ ਲਈ ਖੇਤੀਬਾੜੀ ਵਿਭਾਗ ਕਸ਼ਮੀਰ ਨੇ ਸਬਜ਼ੀਆਂ ਦੀ ਪਹਿਲੀ ਖੇਪ ਯੂ. ਏ. ਈ. ਨੂੰ ਭੇਜੀ ਹੈ। ਵਰਣਨਯੋਗ ਹੈ ਕਿ ਪਿਛਲੇ ਸਾਲ ਵੀ ਸਬਜ਼ੀਆਂ ਦੀ ਵੱਡੀ ਖੇਪ ਦੁਬਈ, ਸ਼ਾਰਜਾਹ, ਆਬੂਧਾਬੀ ਅਤੇ ਹੋਰ ਖਾੜੀ ਦੇ ਬਾਜ਼ਾਰਾਂ ’ਚ ਭੇਜੀ ਗਈ ਸੀ। ਫੇਅਰ ਐਕਸਪੋਰਟਸ ਪ੍ਰਾਈਵੇਟ ਲਿਮਟਿਡ ਨੇ ਸਬਜ਼ੀਆਂ ਦੀ ਖੇਪ ਸ਼੍ਰੀਨਗਰ ਦੇ ਡੱਲ ਝੀਲ ਖੇਤਰ ਤੋਂ ਡੱਲ ਲੇਕ ਸਟੈਮ ਪ੍ਰੋਡਿਊਸਰ ਕੰਪਨੀ ਲਿਮਟਿਡ ਨਾਮੀ ਐੱਫ.ਪੀ.ਓ. ਤੋਂ ਖਰੀਦੀ ਹੈ।
ਇਹ ਖ਼ਬਰ ਵੀ ਪੜ੍ਹੋ : ਸ਼ਿਮਲਾ ’ਚ ਵਾਪਰਿਆ ਰੂਹ ਕੰਬਾਊ ਹਾਦਸਾ, 700 ਮੀਟਰ ਡੂੰਘੀ ਖੱਡ ’ਚ ਡਿੱਗਾ ਟੈਂਪੂ, 3 ਪੰਜਾਬੀ ਨੌਜਵਾਨਾਂ ਦੀ ਮੌਤ
ਖੇਪ ਨੂੰ ਡਾਇਰੈਕਟਰ ਖੇਤੀਬਾੜੀ ਕਸ਼ਮੀਰ ਚੌਧਰੀ ਮੁਹੰਮਦ ਇਕਬਾਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਡਾਇਰੈਕਟਰ ਐਗਰੀਕਲਚਰ ਨੇ ਕਿਹਾ ਕਿ ਵਿਭਾਗ ਜੰਮੂ-ਕਸ਼ਮੀਰ ਦੀ ਬਰਾਮਦ ਪ੍ਰੋਤਸਾਹਨ ਨੀਤੀ ਨੂੰ ਮਜ਼ਬੂਤ ਕਰਨ ਲਈ ਲੰਬੇ ਸਮੇਂ ਦੀ ਅਭਿਲਾਸ਼ੀ ਯੋਜਨਾ ’ਤੇ ਕੰਮ ਕਰ ਰਿਹਾ ਹੈ। ਵਿਭਾਗ ਵੱਧ ਤੋਂ ਵੱਧ ਕਿਸਾਨਾਂ, ਖੇਤੀ-ਉੱਦਮੀਆਂ ਨੂੰ ਕਸ਼ਮੀਰ ਦੀ ਵਿਸ਼ੇਸ਼ ਖੇਤੀ ਉਪਜ ਨੂੰ ਅੰਤਰਰਾਸ਼ਟਰੀ ਵਪਾਰ ਵੱਲ ਆਕਰਸ਼ਿਤ ਕਰਨ ਲਈ ਉਪਰਾਲੇ ਕਰ ਰਿਹਾ ਹੈ, ਜਿਸ ਦਾ ਉਦੇਸ਼ ਉਪਜ ਦਾ ਜ਼ਿਆਦਾ ਮੁਨਾਫਾ ਪ੍ਰਾਪਤ ਕਰਨਾ ਹੈ।