ਹੁਣ ਅਕਤੂਬਰ 2023 ਤੱਕ ਹੀ ਤਿਆਰ ਹੋ ਜਾਏਗਾ ਰਾਮ ਮੰਦਰ
Monday, Dec 19, 2022 - 11:32 AM (IST)
ਅਯੁੱਧਿਆ- ਦੇਸ਼ ਵਿਦੇਸ਼ ’ਚ ਬੈਠੇ ਰਾਮ ਭਗਤਾਂ ਲਈ ਖੁਸ਼ਖਬਰੀ ਹੈ। ਹੁਣ ਮੰਦਰ ਦਾ ਨਿਰਮਾਣ ਤੈਅ ਸਮੇਂ ਤੋਂ 2 ਮਹੀਨੇ ਪਹਿਲਾਂ ਪੂਰਾ ਹੋ ਜਾਵੇਗਾ। ਇਸ ਦੀ ਨਵੀਂ ਸਮਾਂ ਹਦ ਅਕਤੂਬਰ 2023 ਤੈਅ ਕੀਤੀ ਗਈ ਹੈ। ਇਸ ਦੇ ਨਾਲ ਹੀ ਮੰਦਰ ਪ੍ਰਾਣ ਪ੍ਰਤਿਸ਼ਠਾ ਲਈ ਤਿਆਰ ਹੋ ਜਾਵੇਗਾ। ਇਸ ਤੋਂ ਪਹਿਲਾਂ ਦਸੰਬਰ 2023 ਦਾ ਟੀਚਾ ਮਿੱਥਿਆ ਗਿਆ ਸੀ।
ਸ਼੍ਰੀ ਰਾਮ ਮੰਦਰ ਨਿਰਮਾਣ ਕਮੇਟੀ ਦੀ ਪਹਿਲੇ ਦਿਨ ਦੀ ਬੈਠਕ ਤੋਂ ਬਾਅਦ ਦੇਰ ਸ਼ਾਮ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਨੇ ਕਿਹਾ ਕਿ ਕਮੇਟੀ ਨੇ ਬਿਰਾਜਮਾਨ ਰਾਮਲਲਾ ਥਾਂ ’ਤੇ ਉਸਾਰੇ ਜਾ ਰਹੇ ਵਿਸ਼ਾਲ ਮੰਦਰ ਨੂੰ ਤਿਅਾਰ ਕਰਨ ਲਈ ਅਕਤੂਬਰ 2023 ਦਾ ਸਮਾਂ ਤੈਅ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਸਾਰੀ ਅਧੀਨ ਪਵਿਤਰ ਅਸਥਾਨ 14 ਫੁੱਟ ਦੀ ਉਚਾਈ ਤੱਕ ਤਿਆਰ ਹੋ ਚੁੱਕਾ ਹੈ । ਜਿੱਥੋਂ ਤੱਕ ਫਰਸ਼ ਦੀ ਗੱਲ ਹੈ , ਕਾਰਪੈੱਟ ਦਾ ਕੰਮ ਇਸ ਤਰ੍ਹਾਂ ਕੀਤਾ ਜਾਵੇਗਾ ਕਿ ਇਹ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣੇ।
ਜਨਰਲ ਸਕੱਤਰ ਨੇ ਦੱਸਿਆ ਕਿ ਸੁਗਰੀਵ ਕਿਲੇ ਨੂੰ ਰਾਮ ਮੰਦਰ ਨਾਲ ਜੋੜਨ ਵਾਲੀ ਥਾਂ ’ਤੇ ਇਕ ਯਾਤਰੀ ਸੁਵਿਧਾ ਕੇਂਦਰ ਬਣਾਇਆ ਜਾਵੇਗਾ, ਜਿਸ ਦਾ ਇੱਕੋ ਸਮੇਂ 25,000 ਸ਼ਰਧਾਲੂ ਲਾਭ ਉਠਾਉਣਗੇ। ਮੀਟਿੰਗ ਦੀ ਪ੍ਰਧਾਨਗੀ ਉਸਾਰੀ ਕਮੇਟੀ ਦੇ ਚੇਅਰਮੈਨ ਨ੍ਰਿਪੇਂਦਰ ਮਿਸ਼ਰਾ ਨੇ ਕੀਤੀ ਜਿਸ ਵਿੱਚ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ, ਮੈਂਬਰ ਵਿਮਲੇਂਦਰ ਮੋਹਨ ਪ੍ਰਤਾਪ ਮਿਸ਼ਰਾ, ਡਾ. ਅਨਿਲ ਮਿਸ਼ਰਾ ਅਤੇ ਗੋਪਾਲ ਤੋਂ ਇਲਾਵਾ ਕਾਰਜਕਾਰੀ ਸਭਾ ਐਲ. ਐਨ. ਟੀ. ਅਤੇ ਟੀ. ਸੀ. ਆਈ.ਦੇ ਸੀਨੀਅਰ ਤਕਨੀਕੀ ਅਧਿਕਾਰੀ ਹਾਜ਼ਰ ਸਨ।