ਹੈਲਮੇਟ ਨਾ ਪਹਿਨਣ ''ਤੇ ਵਧਿਆ ਜੁਰਮਾਨਾ, ਪਤੀਲੇ ਪਹਿਨ ਕੇ ਲੋਕ ਕੱਢ ਰਹੇ ਨੇ ਗੁੱਸਾ

09/17/2019 1:04:49 PM

ਰਾਜਕੋਟ— 1 ਸਤੰਬਰ 2019 ਤੋਂ ਕੇਂਦਰ ਸਰਕਾਰ ਵਲੋਂ ਨਵੇਂ ਟ੍ਰੈਫਿਕ ਨਿਯਮ ਲਾਗੂ ਕਰ ਦਿੱਤੇ ਗਏ ਹਨ। ਨਵੇਂ ਟ੍ਰੈਫਿਕ ਨਿਯਮਾਂ ਕਾਰਨ ਲੋਕ ਕਾਫੀ ਪਰੇਸ਼ਾਨ ਹਨ, ਕਿਉਂਕਿ 10 ਗੁਣਾ ਚਲਾਨ ਕੱਟੇ ਜਾ ਰਹੇ ਹਨ। ਹੈਲਮੇਟ ਨਾ ਪਹਿਨਣ 'ਤੇ ਜੁਰਮਾਨਾ ਵਧ ਗਿਆ ਹੈ। ਕੇਂਦਰ ਸਰਕਾਰ ਵਲੋਂ ਮੋਟਰ ਵ੍ਹੀਕਲ ਐਕਟ 'ਚ ਸੋਧ ਦੇ 10 ਦਿਨਾਂ ਬਾਅਦ ਹੀ ਗੁਜਰਾਤ ਸਰਕਾਰ ਨੇ ਕਈ ਜੁਰਮਾਨੇ ਘਟਾ ਦਿੱਤੇ ਗਏ ਸਨ। ਇਸ ਦੇ ਬਾਵਜੂਦ ਵੀ ਲੋਕਾਂ ਦਾ ਗੁੱਸਾ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਦੇ ਵਿਰੋਧ ਵਿਚ ਲੋਕ ਰੋਜ਼ਾਨਾ ਨਵੇਂ ਤਰੀਕੇ ਅਪਣਾ ਰਹੇ ਹਨ। ਇੱਥੇ ਕੁਝ ਲੋਕ ਆਪਣੇ ਸਿਰ 'ਤੇ ਹੈਲਮੇਟ ਦੀ ਬਜਾਏ ਪਤੀਲੇ ਨਾਲ ਸਿਰ ਢੱਕ ਕੇ ਦੋ-ਪਹੀਆ ਵਾਹਨ ਚਲਾ ਰਹੇ ਹਨ। ਸਿਰ 'ਤੇ ਇੰਝ ਪਤੀਲੇ ਰੱਖ ਕੇ ਚੱਲਣ ਵਾਲੇ ਇਹ ਲੋਕ ਗੁਜਰਾਤ ਦੇ ਰਾਜਕੋਟ ਸ਼ਹਿਰ ਦੇ ਦੱਸੇ ਜਾ ਰਹੇ ਹਨ।  
ਗੁਜਰਾਤ ਸਰਕਾਰ ਨੇ ਬਿਨਾਂ ਹੈਲਮੇਟ ਦੇ ਵਾਹਨ ਚਲਾਉਣ 'ਤੇ 1000 ਦੀ ਥਾਂ 500 ਰੁਪਏ ਜੁਰਮਾਨਾ ਕਰ ਦਿੱਤਾ ਹੈ। ਟ੍ਰੈਫਿਕ ਨਿਯਮਾਂ ਦੇ ਉਲੰਘਣ 'ਤੇ ਕੇਂਦਰ ਦੇ ਵਧਾਏ ਜੁਰਮਾਨੇ ਨੂੰ ਸੂਬਾ ਸਰਕਾਰ ਨੇ 25 ਤੋਂ 90 ਫੀਸਦੀ ਤਕ ਘੱਟ ਕਰ ਦਿੱਤਾ ਹੈ। ਮੁੱਖ ਮੰਤਰੀ ਵਿਜੇ ਰੂਪਾਨੀ ਨੇ ਇਸ ਲਈ ਮਨੁੱਖੀ ਆਧਾਰ ਨੂੰ ਕਾਰਨ ਦੱਸਿਆ ਹੈ। ਗੁਜਰਾਤ ਸਰਕਾਰ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਟ੍ਰੈਫਿਕ ਸਿੰਗਨਲ ਤੋੜਨ ਦਾ ਜੁਰਮਾਨਾ ਨਹੀਂ ਬਦਲਿਆ ਹੈ। ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਦਾ ਟੀਚਾ ਜ਼ਿਆਦਾ ਜੁਰਮਾਨੇ ਲੈਣਾ ਜਾਂ ਲੋਕਾਂ ਵਿਰੁੱਧ ਕੇਸ ਦਰਜ ਕਰਨਾ ਨਹੀਂ ਸੀ। ਅਸੀਂ ਮਨੁੱਖੀ ਰੁਖ਼ ਅਪਣਾਇਆ ਅਤੇ ਜੁਰਮਾਨਾ ਘੱਟ ਕੀਤਾ ਹੈ। ਅਜਿਹੇ ਮਾਮਲਿਆਂ 'ਚ ਨਰਮੀ ਨਹੀਂ ਵਰਤੀ ਜਾਵੇਗੀ, ਜਿੱਥੇ ਲੋਕਾਂ ਦੀ ਜਾਨ ਚਲੀ ਗਈ ਹੋਵੇ। ਜੋ ਲੋਕ ਵਾਰ-ਵਾਰ ਟ੍ਰੈਫਿਕ ਨਿਯਮ ਤੋੜਦੇ ਹਨ, ਉਨ੍ਹਾਂ ਵਿਰੁੱਧ ਸਖਤ ਕਾਰਵਾਈ ਹੋਵੇਗੀ।


Tanu

Content Editor

Related News