ਨੋਇਡਾ : ESIC ਹਸਪਤਾਲ ''ਚ ਲੱਗੀ ਅੱਗ, ਮਰੀਜ਼ਾਂ ਨੂੰ ਕੱਢਿਆ ਬਾਹਰ
Thursday, Jan 09, 2020 - 11:34 AM (IST)

ਨੋਇਡਾ— ਦਿੱਲੀ ਨਾਲ ਲੱਗਦੇ ਨੋਇਡਾ ਦੇ ਈ.ਐੱਸ.ਆਈ.ਸੀ. ਹਸਪਤਾਲ 'ਚ ਵੀਰਵਾਰ ਸਵੇਰੇ ਅੱਗ ਲੱਗ ਗਈ। ਜਿਸ ਨਾਲ ਉੱਥੇ ਭੱਜ-ਦੌੜ ਮਚ ਗਈ। ਇਹ ਅੱਗ ਹਸਪਤਾਲ ਦੇ ਬੇਸਮੈਂਟ 'ਚ ਲੱਗੀ ਪਰ ਧੂੰਆਂ 8ਵੀਂ ਅਤੇ 9ਵੀਂ ਮੰਜ਼ਲ ਤੱਕ ਭਰ ਗਿਆ। ਫਿਲਹਾਲ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਮੌਕੇ 'ਤੇ ਹਨ, ਮਰੀਜ਼ਾਂ ਅਤੇ ਸਟਾਫ ਨੂੰ ਕੱਢ ਲਿਆ ਗਿਆ ਹੈ। ਅੱਗ ਲੱਗਣ ਤੋਂ ਬਾਅਦ ਦੀਆਂ ਕੁਝ ਤਸਵੀਰਾਂ ਆਈਆਂ ਹਨ। ਇਸ 'ਚ ਹਸਪਤਾਲ ਸਟਾਫ ਮਰੀਜ਼ਾਂ ਨੂੰ ਕੱਢਣ 'ਚ ਮਦਦ ਕਰਦਾ ਦਿੱਸ ਰਿਹਾ ਹੈ। ਅੱਗ ਲੱਗਣ ਤੋਂ ਬਾਅਦ ਸਾਰੇ ਲੋਕ ਬਾਹਰ ਕੱਢੇ ਗਏ।
ਮਿਲੀ ਜਾਣਕਾਰੀ ਅਨੁਸਾਰ, ਇਹ ਅੱਗ ਬੇਸਮੈਂਟ 'ਚ ਬਣੇ ਬੈਟਰੀ ਰੂਮ 'ਚ ਲੱਗੀ। ਪਤਾ ਲੱਗਾ ਹੈ ਕਿ ਹਸਪਤਾਲ ਦਾ ਫਾਇਰ ਸਿਸਟਮ ਵੀ ਕੰਮ ਨਹੀਂ ਕਰ ਰਿਹਾ ਸੀ। ਅੱਗ ਲੱਗਣ ਤੋਂ ਬਾਅਦ ਈ.ਐੱਸ.ਆਈਸੀ. ਦੇ ਸਾਰੇ ਮਰੀਜ਼ਾਂ ਅਤੇ ਕਰਮਚਾਰੀਆਂ ਨੂੰ ਹਸਪਤਾਲ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਮਰੀਜ਼ਾਂ ਨੂੰ ਦੂਜੇ ਹਸਪਤਾਲਾਂ 'ਚ ਸ਼ਿਫਟ ਕੀਤਾ ਜਾ ਰਿਹਾ ਹੈ। ਇਹ ਹਸਪਤਾਲ ਨੋਇਡਾ ਦੇ ਸੈਕਟਰ 24 'ਚ ਸਥਿਤ ਹੈ।