ਨੌਦੀਪ ਕੌਰ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਟੇਕਿਆ ਮੱਥਾ
Monday, Mar 01, 2021 - 10:32 AM (IST)
ਦਿੱਲੀ/ਜਲੰਧਰ (ਚਾਵਲਾ)- ਮਨੁੱਖੀ ਅਧਿਕਾਰਾਂ ਤੇ ਮਜ਼ਦੂਰਾਂ ਦੇ ਹੱਕਾਂ ਲਈ ਲੜਨ ਵਾਲੀ ਕਾਰਕੁਨ ਨੌਦੀਪ ਕੌਰ ਨੇ ਬੀਤੇ ਕੱਲ੍ਹ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮੱਥਾ ਟੇਕਿਆ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਤੇ ਹੋਰ ਅਹੁਦੇਦਾਰਾਂ ਨੇ ਨੌਦੀਪ ਕੌਰ ਨੂੰ ਸਿਰੋਪਾਓ ਦੀ ਬਖਸ਼ਿਸ਼ ਕਰ ਕੇ ਸਨਮਾਨਤ ਕੀਤਾ।
ਮੀਡੀਆ ਨਾਲ ਗੱਲਬਾਤ ਕਰਦਿਆਂ ਸਿਰਸਾ ਨੇ ਕਿਹਾ ਕਿ ਨੌਦੀਪ ਕੌਰ ਨਾਲ ਜੋ ਬੇਇਨਸਾਫੀ ਕੀਤੀ ਗਈ, ਉਹ ਮਨੁੱਖਤਾ ਨੂੰ ਸ਼ਰਮਸ਼ਾਰ ਕਰਨ ਵਾਲੀ ਤੇ ਦੇਸ਼ ਦੇ ਸੰਵਿਧਾਨ ਖਿਲਾਫ ਸੀ। ਉਨ੍ਹਾਂ ਕਿਹਾ ਕਿ ਨੌਦੀਪ ਕੌਰ ਦੇ ਖਿਲਾਫ ਧਾਰਾ 307 ਆਈ. ਪੀ. ਸੀ. ਤੇ ਡਕੈਤੀ ਤੇ ਜ਼ਬਰੀ ਪੈਸਾ ਵਸੂਲੀ ਵਰਗੀਆਂ ਧਾਰਾਵਾਂ ਲਾਈਆਂ ਗਈਆਂ, ਜਦਕਿ ਅਸਲੀਅਤ ਇਹ ਹੈ ਕਿ ਪੁਲਸ ਨੇ ਧੱਕੇਸ਼ਾਹੀ ਕੀਤੀ।
ਉਹ ਦਿਨ ਦੂਰ ਨਹੀਂ ਜਦੋਂ ਨੌਦੀਪ ਕੌਰ ਦੀ ਆਵਾਜ਼ ਸੰਸਦ ’ਚ ਗੂੰਜੇਗੀ : ਸਿਰਸਾ
ਸਿਰਸਾ ਨੇ ਐਲਾਨ ਕੀਤਾ ਕਿ ਅਸੀਂ ਨੌਦੀਪ ਕੌਰ ਨਾਲ ਡੱਟ ਕੇ ਖੜ੍ਹੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਖਿਲਾਫ ਬੋਲਣ ਵਾਲਿਆਂ ਦਾ ਮਕਸਦ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨਾ ਹੈ ਤੇ ਇਸੇ ਮਕਸਦ ਨਾਲ ਨੌਦੀਪ ਖਿਲਾਫ ਵੀ ਬਿਆਨਬਾਜ਼ੀ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਨੌਦੀਪ ਕੌਰ ਦੀ ਆਵਾਜ਼ ਸੰਸਦ ਵਿਚ ਗੂੰਜੇਗੀ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਪੁਲਸ ਵਾਲਿਆਂ ਨੂੰ ਆਖ ਰਹੇ ਹਾਂ ਕਿ ਉਹ ਆਪਣੇ ਦਿਨ ਗਿਣਨੇ ਸ਼ੁਰੂ ਕਰਨ। ਉਨ੍ਹਾਂ ਕਿਹਾ ਕਿ ਅਸੀਂ ਸੀਨੀਅਰ ਐਡਵੋਕੇਟ ਆਰ. ਐੱਸ. ਚੀਮਾ ਤੇ ਸਮੁੱਚੀ ਲੀਗਲ ਟੀਮ ਦੇ ਧੰਨਵਾਦੀ ਹਾਂ,ਜਿਨ੍ਹਾਂ ਨੇ ਨੌਦੀਪ ਕੌਰ ਸਮੇਤ ਹਰ ਕੇਸ ਪੂਰੀ ਮਿਹਨਤ ਨਾਲ ਲੜਿਆ ਤੇ ਇਨ੍ਹਾਂ ਦੀ ਰਿਹਾਈ ਯਕੀਨੀ ਬਣਾਈ ਹੈ।
ਇਸ ਮੌਕੇ ਨੌਦੀਪ ਕੌਰ ਨੇ ਕਿਹਾ ਕਿ ਉਹ ਹਮੇਸ਼ਾ ਕਮਜ਼ੋਰ ਵਰਗਾਂ ਤੇ ਜਿਨ੍ਹਾਂ ਨਾਲ ਧੱਕੇਸ਼ਾਹੀ ਹੁੰਦੀ ਹੈ, ਉਨ੍ਹਾਂ ਖਿਲਾਫ ਲੜਦੇ ਰਹਿਣਗੇ। ਨੌਦੀਪ ਨੇ ਕਿਹਾ ਕਿ ਉਹ ਜਨਤਾ ਵਲੋਂ ਆਵਾਜ਼ ਬੁਲੰਦ ਕਰਨ ਕਰ ਕੇ ਹੀ ਬਾਹਰ ਆ ਸਕੀ। ਹੁਣ ਉਹ ਮਜ਼ਦੂਰਾਂ ਅਤੇ ਦੱਬੇ-ਕੁਚਲੇ ਲੋਕਾਂ ਲਈ ਆਖ਼ਰੀ ਸਾਹ ਤੱਕ ਕੰਮ ਕਰੇਗੀ। ਦੱਸਣਯੋਗ ਹੈ ਕਿ ਨੌਦੀਪ ਨੂੰ ਹਾਲ ਹੀ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਜ਼ਮਾਨਤ ਮਿਲੀ ਹੈ। ਉਹ ਕਰਨਾਲ ਜੇਲ੍ਹ ਵਿਚ ਬੰਦ ਸੀ।