ਜਿਨਪਿੰਗ ਵੀ ਪੁਤਿਨ ਵਾਂਗ ਕਰ ਸਕਦੇ ਹਨ ਕੋਈ ਕਾਰਵਾਈ, ਭਾਰਤ ਨੂੰ ਆਪਣੀ ਸੁਰੱਖਿਆ ਯਕੀਨੀ ਕਰਨੀ ਹੋਵੇਗੀ: ਸਿਨ੍ਹਾ
Monday, Mar 07, 2022 - 03:57 PM (IST)
ਨਵੀਂ ਦਿੱਲੀ– ਸਾਬਕਾ ਵਿਦੇਸ਼ ਮੰਤਰੀ ਯਸ਼ਵੰਤ ਸਿਨ੍ਹਾ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਤੁਲਨਾ ਉਸ ਡਰਾਈਵਰ ਨਾਲ ਕੀਤੀ ਹੈ ਜੋ ਕਿਸੇ ਹਾਦਸੇ ਦੀ ਚਿੰਤਾ ਕੀਤੇ ਬਿਨਾਂ ਤੇਜ਼ ਰਫਤਾਰ ਨਾਲ ਆਪਣੀ ਕਾਰ ਕਿਸੇ ਚੌਕ ’ਚ ਵੀ ਭਜਾ ਦੇਵੇ। ਉਨ੍ਹਾਂ ਇਕ ਖਬਰ ਏਜੰਸੀ ਨਾਲ ਗੱਲ ਕਰਦਿਆਂ ਕਿਹਾ ਕਿ ਜੇ ਕੱਲ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਇਸ ਤਰ੍ਹਾਂ ਦੀ ਕੋਈ ਕਾਰਵਾਈ ਕਰ ਦਿੰਦੇ ਹਨ ਤਾਂ ਕਿਸੇ ਨੂੰ ਕੋਈ ਹੈਰਾਨੀ ਨਹੀਂ ਹੋਵੇਗੀ।
ਰੂਸ ਤੇ ਯੂਕ੍ਰੇਨ ਦਰਮਿਆਨ ਜਾਰੀ ਜੰਗ ਸਬੰਧੀ ਟਿੱਪਣੀ ਕਰਦਿਆਂ ਸਾਬਕਾ ਵਿੱਤ ਤੇ ਵਿਦੇਸ਼ ਮੰਤਰੀ ਸਿਨ੍ਹਾ ਨੇ ਕਿਹਾ ਕਿ ਭਾਰਤ ਨੂੰ ਇਸ ਗੱਲ ਲਈ ਤਿਆਰ ਰਹਿਣਾ ਚਾਹੀਦਾ ਹੈ ਕਿ ਜੇ ਪਾਕਿਸਤਾਨ ਜਾਂ ਚੀਨ ਨਾਲ ਉਸਦਾ ਸੰਘਰਸ਼ ਹੁੰਦਾ ਹੈ ਤਾਂ ਉਹ ਇਕੱਲਾ ਹੈ। ਉਸ ਨੂੰ ਖੁਦ ਹੀ ਆਪਣੀ ਸੁਰੱਖਿਆ ਕਰਨੀ ਹੋਵੇਗੀ। ਵੱਖ-ਵੱਖ ਮੁੱਦਿਆਂ ’ਤੇ ਅਕਸਰ ਸਰਕਾਰ ਨੂੰ ਘੇਰਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰਨ ਵਾਲੇ ਭਾਜਪਾ ਦੇ ਸਾਬਕਾ ਆਗੂ ਸਿਨ੍ਹਾ ਨੇ ਕਿਹਾ ਕਿ ਯੂ. ਐੱਨ. ਸੁਰੱਖਿਆ ਕੌਂਸਲ ਅਤੇ ਹੋਰ ਸਟੇਜਾਂ ’ਤੇ ਪੋਲਿੰਗ ਤੋਂ ਦੂਰ ਰਹਿਣ ਦੇ ਭਾਰਤ ਦੇ ਫੈਸਲੇ ਤੋਂ ਇਕ ਸੰਦੇਸ਼ ਇਹ ਵੀ ਗਿਆ ਹੈ ਕਿ ਭਾਰਤ, ਗਲਤ ਕੰਮ ’ਚ ਰੂਸ ਦਾ ਸਾਥ ਦੇ ਰਿਹਾ ਹੈ।
ਸਿਨ੍ਹਾ ਜੋ ਵਾਜਪਾਈ ਸਰਕਾਰ ’ਚ ਮੰਤਰੀ ਰਹੇ, ਨੇ ਕਿਹਾ ਕਿ ਆਪਣੀ ਸੁਰੱਖਿਆ ਨੂੰ ਲੈ ਕੇ ਰੂਸ ਦੀ ਚਿੰਤਾ ਠੀਕ ਸੀ ਪਰ ਜੰਗ ਦਾ ਤਰੀਕਾ ਗਲਤ ਹੈ। ਯੂਕ੍ਰੇਨ ਅਤੇ ਰੂਸ ਦਰਮਿਆਨ ਜੰਗ ਹੋਣ ਸਮੇਂ ਭਾਰਤ ਨੂੰ ਰੂਸ ਨਾਲ ਗੱਲਬਾਤ ਕਰਨੀ ਚਾਹੀਦੀ ਸੀ ਤੇ ਮੁੱਦੇ ਦਾ ਹੱਲ ਲੱਭਣ ਲਈ ਦੋਹਾਂ ਦੇਸ਼ਾਂ ’ਤੇ ਦਬਾਅ ਬਣਾਉਣਾ ਚਾਹੀਦਾ ਸੀ। ਰੂਸ ਨਾਲ ਸਾਡੀ ਪੁਰਾਣੀ ਦੋਸਤੀ ਹੈ। ਉਹ ਹਰ ਮੌਕੇ ’ਤੇ ਭਾਰਤ ਦੇ ਕੰਮ ਆਇਆ ਹੈ। ਉਹ ਸਾਡਾ ਬਹੁਤ ਕੀਮਤੀ ਦੋਸਤ ਹੈ ਪਰ ਬਹੁਤ ਨਜ਼ਦੀਕੀ ਦੋਸਤ ਜੇ ਗਲਤੀ ਕਰਦਾ ਹੈ ਤਾਂ ਦੋਸਤ ਹੋਣ ਦੇ ਨਾਤੇ ਭਾਰਤ ਦਾ ਫਰਜ਼ ਬਣਦਾ ਹੈ ਕਿ ਉਹ ਉਸ ਨੂੰ ਗਲਤੀ ਕਰਨ ਤੋਂ ਰੋਕੇ।