ਕੋਈ ਵੀ ਭਾਰਤੀ ਮਹਿਲਾ ਆਪਣੇ ਪਤੀ ਨੂੰ ਕਿਸੇ ਨਾਲ ਸਾਂਝਾ ਨਹੀਂ ਕਰ ਸਕਦੀ: ਹਾਈ ਕੋਰਟ
Wednesday, May 04, 2022 - 12:25 PM (IST)
ਪ੍ਰਯਾਗਰਾਜ (ਭਾਸ਼ਾ)– ਇਲਾਹਾਬਾਦ ਹਾਈ ਕੋਰਟ ਨੇ ਇਕ ਮਾਮਲੇ ਵਿਚ ਕਿਹਾ ਹੈ ਕਿ ਕੋਈ ਵੀ ਭਾਰਤੀ ਮਹਿਲਾ ਕਿਸੇ ਵੀ ਕੀਮਤ 'ਤੇ ਆਪਣੇ ਪਤੀ ਨੂੰ ਕਿਸੇ ਹੋਰ ਨਾਲ ਸਾਂਝਾ ਕਰਨ ਲਈ ਤਿਆਰ ਨਹੀਂ ਹੈ। ਮਹਿਲਾ ਦਾ ਪਤੀ ਕਿਸੇ ਹੋਰ ਔਰਤ ਨਾਲ ਸਬੰਧ ਬਣਾਏ ਜਾਂ ਵਿਆਹ ਕਰੇ, ਤਾਂ ਇਹ ਉਸ ਮਹਿਲਾ ਲਈ ਸਭ ਤੋਂ ਵੱਡਾ ਝਟਕਾ ਹੋਵੇਗਾ। ਜਸਟਿਸ ਰਾਹੁਲ ਚਤੁਰਵੇਦੀ ਨੇ ਮ੍ਰਿਤਕ ਮਹਿਲਾ ਦੇ ਪਤੀ ਵੱਲੋਂ ਦਾਇਰ ਸਮੀਖਿਆ ਪਟੀਸ਼ਨ ਨੂੰ ਖਾਰਜ ਕਰਦਿਆਂ ਇਹ ਟਿੱਪਣੀ ਕੀਤੀ। ਪਟੀਸ਼ਨਕਰਤਾ ਨੇ ਵਾਰਾਣਸੀ ਦੇ ਵਧੀਕ ਸੈਸ਼ਨ ਜੱਜ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ।
ਅਦਾਲਤ ਨੇ ਕਿਹਾ, ''ਇਸ ਮਾਮਲੇ 'ਚ ਜਦੋਂ ਮਹਿਲਾ ਨੂੰ ਪਤਾ ਚੱਲਦਾ ਹੈ ਕਿ ਉਹ ਪਹਿਲਾਂ ਹੀ ਵਿਆਹਿਆ ਹੈ, ਤਾਂ ਇਹ ਖੁਦਕੁਸ਼ੀ ਕਰਨ ਦਾ ਉੱਚਿਤ ਕਾਰਨ ਹੈ।'' ਅਦਾਲਤ ਨੇ ਕਿਹਾ ਕਿ ਮਹਿਲਾ ਦਾ ਪਤੀ ਸੁਸ਼ੀਲ ਕੁਮਾਰ ਅਪਰਾਧੀ ਪ੍ਰਤੀਤ ਹੁੰਦਾ ਹੈ, ਜਿਸ ’ਤੇ ਧਾਰਾ 306 ਤਹਿਤ ਮੁਕੱਦਮਾ ਚਲਾਇਆ ਜਾਵੇ। ਇੱਥੇ ਮ੍ਰਿਤਕ ਮਹਿਲਾ ਨੇ ਖੁਦ ਤੰਗ-ਪ੍ਰੇਸ਼ਾਨ ਕਰਨ ਦੀ ਐੱਫ. ਆਈ. ਆਰ. ਦਰਜ ਕਰਵਾਈ ਸੀ। ਜ਼ਿਕਰਯੋਗ ਹੈ ਕਿ 22 ਸਤੰਬਰ 2018 ਨੂੰ ਮ੍ਰਿਤਕ ਮਹਿਲਾ ਨੇ ਆਪਣੇ ਪਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖਿਲਾਫ ਆਈ. ਪੀ. ਸੀ. ਧਾਰਾ 323, 494, 504, 506 ਅਤੇ 379 ਤਹਿਤ ਮੁੱਢਲੀ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਪਹਿਲਾਂ ਹੀ ਵਿਆਹਿਆ ਹੋਇਆ ਹੈ ਅਤੇ ਉਸ ਦੇ ਦੋ ਬੱਚੇ ਵੀ ਹਨ। ਉਸ ਨੇ ਬਿਨਾਂ ਤਲਾਕ ਲਏ ਮੁੜ ਵਿਆਹ ਕਰ ਲਿਆ ਅਤੇ ਆਪਣੀ ਪਹਿਲੀ ਪਤਨੀ ਬਾਰੇ ਦੱਸਿਆ ਤੱਕ ਨਹੀਂ।
ਐੱਫ. ਆਈ. ਆਰ. ਮੁਤਾਬਕ ਜਿਵੇਂ ਹੀ ਮਹਿਲਾ ਨੂੰ ਆਪਣੇ ਪਤੀ ਦੇ ਪਹਿਲੇ ਵਿਆਹ ਬਾਰੇ ਪਤਾ ਲੱਗਾ ਤਾਂ ਉਸ ਨੇ (ਪਤੀ) ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਰੀਬ 10-12 ਸਾਲਾਂ ਤੱਕ ਉਸ ਦੀ ਜ਼ਿੰਦਗੀ ਨਰਕ ਬਣਾ ਦਿੱਤੀ। ਦੋਸ਼ਾਂ ਮੁਤਾਬਕ ਪਤੀ ਨੇ ਪਰਿਵਾਰਕ ਮੈਂਬਰਾਂ ਦੇ ਦਬਾਅ ਹੇਠ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਆਪਣੀ ਦੂਜੀ ਪਤਨੀ ਨੂੰ ਛੱਡ ਕੇ ਇਕ ਨਵੀਂ ਮਹਿਲਾ ਨੂੰ ਆਪਣੇ ਨਾਲ ਰੱਖ ਲਿਆ। ਮਹਿਲਾ ਨੇ ਐੱਫ. ਆਈ. ਆਰ. ਦਰਜ ਕਰਾਉਣ ਤੋਂ ਬਾਅਦ ਉਸੇ ਦਿਨ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਪੁਲਸ ਨੇ ਜਾਂਚ ਤੋਂ ਬਾਅਦ ਵੱਖ-ਵੱਖ ਧਾਰਾਵਾਂ ਤਹਿਤ ਚਾਰਜਸ਼ੀਟ ਦਾਖ਼ਲ ਕੀਤੀ ਹੈ। ਪਤੀ ਨੇ ਵਾਰਾਣਸੀ ਦੇ ਵਧੀਕ ਸੈਸ਼ਨ ਜੱਜ ਅੱਗੇ ਰਿਹਾਈ ਲਈ ਅਰਜ਼ੀ ਦਾਇਰ ਕੀਤੀ, ਜਿਸ ਨੂੰ ਰੱਦ ਕਰ ਦਿੱਤਾ ਗਿਆ।