25 ਨਵੰਬਰ ਤੋਂ ਵਾਹਨਾਂ ਦੀ ਆਵਾਜਾਈ ਲਈ ਬੰਦ ਹੋਵੇਗੀ ਰੋਹਤਾਂਗ ਸੁਰੰਗ
Saturday, Nov 23, 2019 - 02:02 PM (IST)

ਸ਼ਿਮਲਾ—ਹਿਮਾਚਲ ਪ੍ਰਦੇਸ਼ 'ਚ ਲਾਹੌਲ ਜ਼ਿਲੇ ਦੇ ਲਈ ਨਿਰਾਸ਼ਾਜਨਕ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ ਰੋਹਤਾਂਗ ਸੁਰੰਗ ਤੋਂ ਹੁਣ ਆਵਾਜਾਈ ਨਹੀਂ ਹੋ ਸਕੇਗੀ। 25 ਨਵੰਬਰ ਤੋਂ ਬਾਅਦ ਇਸ ਸੁਰੰਗ ਤੋਂ ਐਮਰਜੈਂਸੀ ਵਾਹਨਾਂ ਨੂੰ ਵੀ ਦਾਖਲ ਨਹੀਂ ਕੀਤਾ ਜਾਵੇਗਾ। ਐੱਚ.ਆਰ.ਟੀ.ਸੀ ਦੀ ਸਰਕਾਰੀ ਬੱਸ ਦੇ ਪਹੀਏ ਰੁਕਣ ਨਾਲ ਵੀ ਘਾਟੀ 'ਚ ਵੱਸਣ ਵਾਲਿਆਂ ਲਈ ਪਰੇਸ਼ਾਨੀ ਹੋਵੇਗੀ। ਦਰਅਸਲ ਰੋਹਤਾਂਗ 'ਚ ਭਾਰੀ ਬਰਫਬਾਰੀ ਦੇ ਚੱਲਦਿਆਂ ਐਮਰਜੈਂਸੀ ਤੋਂ ਇਲਾਵਾ ਐੱਚ.ਆਰ.ਟੀ.ਸੀ. ਦੀ ਬੱਸ ਰੋਜ਼ਾਨਾ ਸੁਰੰਗ ਲਈ ਲਾਹੌਲ ਵੱਲ ਜਾਂਦੀ ਸੀ ਪਰ ਹੁਣ ਇਸ 'ਤੇ ਵੀ ਰੋਕ ਲੱਗ ਜਾਵੇਗੀ।
ਦੱਸਣਯੋਗ ਹੈ ਕਿ ਸੀਮਾ ਸੜਕ ਸੰਗਠਨ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 25 ਨਵੰਬਰ ਤੋਂ ਬਾਅਦ ਸੁਰੰਗ ਦੇ ਅੰਦਰ ਕੰਕਰੀਟ ਦਾ ਕੰਮ ਸ਼ੁਰੂ ਹੋਣਾ ਹੈ, ਜਿਸ ਕਾਰਨ ਵਾਹਨਾਂ ਦੀ ਆਵਾਜਾਈ ਕਾਰਨ ਕੰਮ 'ਚ ਸਮੱਸਿਆ ਆ ਸਕਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜ਼ਿਲਾ ਅਧਿਕਾਰੀ ਲਾਹੌਲ-ਸਪਿਤੀ ਅਤੇ ਉਪ ਮੰਡਲ ਅਧਿਕਾਰੀ ਮਨਾਲੀ ਦੀ ਬੇਨਤੀ 'ਤੇ ਸੀਮਾ ਸੜਕ ਸੰਗਠਨ ਦੇ ਰੋਹਤਾਂਗ ਪ੍ਰੋਜੈਕਟ ਨੇ ਲੋਕਾਂ ਦੀ ਸਹੂਲਤ ਲਈ ਵਾਹਨਾਂ ਦੀ ਆਵਾਜਾਈ ਦੀ ਇਜ਼ਾਜਤ ਦਿੱਤੀ ਸੀ ਪਰ ਹੁਣ ਕੰਮ ਸ਼ੁਰੂ ਹੋਣ ਤੋਂ ਬਾਅਦ ਵਾਹਨਾਂ ਦੀ ਆਵਾਜਾਈ 'ਤੇ ਰੋਕ ਲੱਗ ਜਾਵੇਗੀ।
ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਰੋਹਤਾਂਗ ਅਤੇ ਲਾਹੌਲ 'ਚ ਭਾਰੀ ਬਰਫਬਾਰੀ ਦੇ ਚੱਲਦਿਆਂ ਘਾਟੀ ਦਾ ਸੰਪਰਕ ਦੇਸ਼ ਅਤੇ ਦੁਨੀਆ ਤੋਂ ਟੁੱਟ ਜਾਂਦਾ ਹੈ। ਫਿਲਹਾਲ ਰੋਹਤਾਂਗ ਦੱਰੇ 'ਤੇ ਭਾਰੀ ਬਰਫਬਾਰੀ ਹੋਈ ਹੈ ਅਤੇ ਲੇਹ-ਮਨਾਲੀ ਹਾਈਵੇਅ ਬੰਦ ਹੈ। ਅਜਿਹੇ 'ਚ ਆਉਣ ਵਾਲੇ ਦਿਨਾਂ 'ਚ ਘਾਟੀ ਦੇ ਲੋਕਾਂ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਜ਼ਿਕਰਯੋਗ ਹੈ ਕਿ 16 ਨਵੰਬਰ ਤੋਂ ਸੁਰੰਗ ਤੋਂ ਸਰਕਾਰੀ ਬੱਸ ਦੀ ਸਰਵਿਸ ਸ਼ੁਰੂ ਕੀਤੀ ਗਈ ਸੀ। ਜੋ ਹੁਣ ਜਲਦ ਹੀ ਬੰਦ ਹੋ ਜਾਵੇਗੀ।