ਕਾਸ਼ੀ ’ਚ ਪ੍ਰਚਾਰ ਲਈ ਸਮਾਂ ਨਹੀਂ, ਮੋਦੀ ਨੇ ਚਿੱਠੀ ਲਿਖ ਕੇ ਮੰਗੀਆਂ ਵੋਟਾਂ

05/25/2024 10:49:00 AM

ਨੈਸ਼ਨਲ ਡੈਸਕ- 18ਵੀਆਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸੰਸਦੀ ਹਲਕੇ ਵਾਰਾਣਸੀ ਨੂੰ ਜ਼ਿਆਦਾ ਸਮਾਂ ਨਹੀਂ ਦੇ ਪਾ ਰਹੇ ਹਨ ਪਰ ਇਸ ਦਰਮਿਆਨ ਉਨ੍ਹਾਂ ਨੇ ਵਾਰਾਣਸੀ ਦੇ ਆਮ ਵੋਟਰਾਂ, ਕਲਾਕਾਰਾਂ ਅਤੇ ਵੱਡੇ ਕਾਰੋਬਾਰੀਆਂ ਸਮੇਤ ਖਾਸ ਸ਼ਖਸੀਅਤਾਂ ਨੂੰ ਚਿੱਠੀ ਲਿਖ ਕੇ ਵੋਟ ਪਾਉਣ ਦੀ ਅਪੀਲ ਕੀਤੀ ਹੈ। ਚਿੱਠੀ ’ਚ ਪੀ. ਐੱਮ. ਨੇ ਕਾਸ਼ੀ ਦੇ ਮਾਣ ਅਤੇ ਅਧਿਆਤਮਿਕਤਾ ਨਾਲ ਖੁਦ ਨੂੰ ਜੁੜਿਆ ਹੋਇਆ ਦੱਸਿਆ ਹੈ। ਬੀ. ਐੱਚ. ਯੂ. ਦੇ ਪ੍ਰੋਫੈਸਰਾਂ ਅਤੇ ਡਾਕਟਰਾਂ ਦੇ ਘਰ ਵੀ ਇਹ ਚਿੱਠੀ ਪਹੁੰਚਾਈ ਗਈ ਹੈ। ਚਿੱਠੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਖਿਆ ਹੈ ਕਿ, ‘ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਭਾਰਤੀ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਚੱਲ ਰਿਹਾ ਹੈ। ਕਾਸ਼ੀ ਲੋਕ ਸਭਾ ’ਚ 1 ਜੂਨ ਨੂੰ ਵੋਟਿੰਗ ਹੋਣੀ ਹੈ। ਕਾਸ਼ੀ ’ਚ ਸਾਰਿਆਂ ਦੇ ਪਿਆਰ ਨੇ ਮੈਨੂੰ ਬਨਾਰਸੀ ਬਣਾ ਦਿੱਤਾ ਹੈ। ਸਿਰਫ ਸੰਸਦ ਮੈਂਬਰ ਹੀ ਨਹੀਂ ਸਗੋਂ ਖੁਦ ਨੂੰ ਕਾਸ਼ੀ ਦੇ ਬੇਟੇ ਵਜੋਂ ਮੰਨਦਾ ਹਾਂ।

ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਹੈ ਕਿ 1 ਜੂਨ ਨੂੰ ਭਾਰਤੀ ਜਨਤਾ ਪਾਰਟੀ ਦੇ ਹੱਕ ’ਚ ਵੋਟ ਪਾਈ ਜਾਵੇ। ਤੁਹਾਡੀ ਇਕ ਵੋਟ ਦੀ ਤਾਕਤ ਨਾਲ ਅੱਜ ਦੇਸ਼ ਦਾ ਵਿਕਾਸ ਹੋ ਰਿਹਾ ਹੈ। ਭਾਰਤ ਨੂੰ ਮਜ਼ਬੂਤ ਬਣਾਉਣ ’ਚ ਤੁਹਾਡਾ ਸਾਰਿਆਂ ਦਾ ਯੋਗਦਾਨ ਹੈ। ਕਾਸ਼ੀ ਦੀ ਗੱਲ ਕਰੀਏ ਤਾਂ ਮੇਰੇ ਨਾਲੋਂ ਜ਼ਿਆਦਾ ਤੁਹਾਨੂੰ ਪਤਾ ਹੈ। ਇਨ੍ਹਾਂ 10 ਸਾਲਾਂ ’ਚ ਕਾਸ਼ੀ ਦੇ ਵਿਕਾਸ ਨੂੰ ਲੈ ਕੇ ਅਸੀਂ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਇਕ-ਇਕ ਕਰ ਕੇ ਪੂਰਾ ਕੀਤਾ ਜਾ ਰਿਹਾ ਹੈ। ਬਾਬਾ ਵਿਸ਼ਵਨਾਥ ਦੇ ਆਸ਼ੀਰਵਾਦ ਨਾਲ ਅਜੇ ਬਹੁਤ ਕੁੱਝ ਕਰਨਾ ਬਾਕੀ ਹੈ। 2024 ਦੀਆਂ ਚੋਣਾਂ ਬਹੁਤ ਮਹੱਤਵਪੂਰਨ ਹਨ। ਤੁਹਾਡੀ ਵੋਟ ਅਤੇ ਸਮਰਥਨ ਨਾਲ ਹੀ ਵਿਕਸਤ ਭਾਰਤ ਦਾ ਸੰਕਲਪ ਪੂਰਾ ਹੋ ਸਕੇਗਾ। 1 ਜੂਨ ਨੂੰ ਖੁਦ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਨਾਲ ਲਿਜਾ ਕੇ ਵੋਟ ਪਾਈ ਜਾਵੇ। ਆਪਣੇ ਸੱਭਿਆਚਾਰ, ਆਪਣੀ ਪਰੰਪਰਾ, ਆਪਣੇ ਮਾਣ ਨੂੰ ਹੋਰ ਉਚਾਈਆਂ ਤੱਕ ਲਿਜਾਣ ਲਈ ਇਕੱਠੇ ਚੱਲੀਏ। ਇਸ ਸੀਟ ’ਤੇ ਪਿਛਲੀਆਂ ਚੋਣਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 63.60 ਫੀਸਦੀ ਵੋਟਾਂ ਮਿਲੀਆਂ ਸਨ ਅਤੇ ਉਨ੍ਹਾਂ ਨੂੰ ਕੁੱਲ 674664 ਲੋਕਾਂ ਨੇ ਵੋਟਾਂ ਪਾਈਆਂ ਸਨ ਅਤੇ ਉਨ੍ਹਾਂ ਨੇ ਇਹ ਸੀਟ 479505 ਵੋਟਾਂ ਨਾਲ ਜਿੱਤੀ ਸੀ, ਜਦਕਿ 2014 ਦੀਆਂ ਲੋਕ ਸਭਾ ਚੋਣਾਂ ’ਚ ਮੋਦੀ ਦੀ ਜਿੱਤ ਦਾ ਫਰਕ 3.71 ਲੱਖ ਵੋਟਾਂ ਸਨ। ਇਸ ਚੋਣ ’ਚ ਭਾਜਪਾ ਉਨ੍ਹਾਂ ਨੂੰ ਘੱਟੋ-ਘੱਟ 10 ਲੱਖ ਵੋਟਾਂ ਦਿਲਵਾਉਣ ਦੀ ਰਣਨੀਤੀ ’ਤੇ ਕੰਮ ਕਰ ਰਹੀ ਹੈ। ਇਸ ਸੀਟ ’ਤੇ ਆਖਰੀ ਪੜਾਅ ’ਚ 1 ਜੂਨ ਨੂੰ ਚੋਣਾਂ ਹੋਣੀਆਂ ਹਨ। ਕਾਂਗਰਸ ਨੇ ਇਸ ਸੀਟ ’ਤੇ ਅਜੇ ਰਾਏ ਨੂੰ ਮੈਦਾਨ ’ਚ ਉਤਾਰਿਆ ਹੈ, ਜਦਕਿ ਬਸਪਾ ਨੇ ਵਾਰਾਣਸੀ ਸੀਟ ਤੋਂ ਅਤਹਰ ਜਮਾਲ ਲਾਰੀ ਨੂੰ ਮੈਦਾਨ ’ਚ ਉਤਾਰਿਆ ਹੈ। ਪਿਛਲੀਆਂ ਚੋਣਾਂ ’ਚ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਅਤੇ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ’ਚ ਗੱਠਜੋੜ ਹੋਇਆ ਸੀ, ਜਿਸ ਕਰ ਕੇ ਇਹ ਸੀਟ ਸਮਾਜਵਾਦੀ ਪਾਰਟੀ ਦੇ ਹਿੱਸੇ ਆਈ ਸੀ ਅਤੇ ਸਪਾ ਨੇ ਇੱਥੇ ਸ਼ਾਲਿਨੀ ਯਾਦਵ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ ਪਰ ਉਸ ਨੂੰ ਸਿਰਫ਼ 18.4 ਫ਼ੀਸਦੀ ਵੋਟਾਂ ਮਿਲੀਆਂ ਸਨ ਅਤੇ ਉਸ ਦੀ ਜ਼ਮਾਨਤ ਹੀ ਮੁਸ਼ਕਲ ਨਾਲ ਬਚ ਸਕੀ ਸੀ। ਇਸ ਤੋਂ ਪਹਿਲਾਂ 2014 ’ਚ ਇਸ ਸੀਟ ’ਤੇ ਵਿਜੇ ਪ੍ਰਕਾਸ਼ ਜੈਸਵਾਲ ਬਸਪਾ ਦੇ ਉਮੀਦਵਾਰ ਸਨ ਪਰ ਉਨ੍ਹਾਂ ਨੂੰ ਸਿਰਫ 5.9 ਫੀਸਦੀ ਵੋਟਾਂ ਮਿਲੀਆਂ ਸਨ ਅਤੇ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News