ਆਸਾਮ ਦੇ CM ਦਾ ਕਾਂਗਰਸ ''ਤੇ ਤੰਜ਼, ਕਿਹਾ- ਰਿਸ਼ਵਤ ਦੇ ਬਿਨਾਂ ਤਾਂ...
Monday, Sep 30, 2024 - 03:45 PM (IST)
ਗੁਹਾਟੀ- ਆਸਾਮ 'ਚ ਕਾਂਗਰਸ ਦੇ ਪਿਛਲੇ ਸ਼ਾਸਨ ਦੌਰਾਨ ਕਿਸੇ ਨੂੰ ਵੀ ਰਿਸ਼ਵਤ ਦਿੱਤੇ ਬਿਨਾਂ ਸਰਕਾਰੀ ਨੌਕਰੀ ਨਾ ਮਿਲਣ ਦਾ ਦੋਸ਼ ਲਾਉਂਦੇ ਹੋਏ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਟੀਚਾ ਆਪਣੇ ਕਾਰਜਕਾਲ 'ਚ 2 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਉਪਲੱਬਧ ਕਰਾਉਣਾ ਹੈ। ਯੁਵਾ ਉੱਦਮੀਆਂ ਨੂੰ ਵਿੱਤੀ ਮਦਦ ਪ੍ਰਦਾਨ ਕਰਨ ਲਈ ਆਯੋਜਿਤ ਇਕ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਮਗਰੋਂ ਸੂਬੇ ਵਿਚ 1.4 ਲੱਖ ਨੌਜਵਾਨਾਂ ਨੂੰ ਨੌਕਰੀਆਂ ਮਿਲ ਚੁੱਕੀਆਂ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕਾਂਗਰਸ ਸ਼ਾਸਨ ਦੌਰਾਨ ਨੌਜਵਾਨਾਂ ਨੂੰ ਇਹ ਭਰੋਸਾ ਨਹੀਂ ਸੀ ਕਿ ਉਨ੍ਹਾਂ ਨੂੰ ਰਿਸ਼ਵਤ ਦਿੱਤੇ ਬਿਨਾਂ ਸਰਕਾਰੀ ਨੌਕਰੀ ਮਿਲੇਗੀ। ਘੱਟ ਤਨਖ਼ਾਹ ਵਾਲੀਆਂ ਨੌਕਰੀਆਂ ਲਈ ਵੀ ਉਨ੍ਹਾਂ ਨੂੰ ਇਕ ਕਰੋੜ ਰੁਪਏ ਦੀ ਰਿਸ਼ਵਤ ਦੇਣੀ ਪੈਂਦੀ ਸੀ।
ਸ਼ਰਮਾ ਨੇ ਦੋਸ਼ ਲਾਇਆ ਕਿ ਆਸਾਮ ਲੋਕ ਸੇਵਾ ਕਮਿਸ਼ਨ ਦੇ ਪ੍ਰਧਾਨ ਅਹੁਦੇ ਲਈ ਕਾਂਗਰਸ ਸਰਕਾਰ ਨੇ ਉਨ੍ਹਾਂ ਲੋਕਾਂ ਨੂੰ ਚੁਣਿਆ ਸੀ, ਜੋ ਨੌਕਰੀ ਦੇ ਇੱਛੁਕ ਉਮੀਦਵਾਰਾਂ ਤੋਂ ਪੈਸਾ ਇਕੱਠਾ ਕਰ ਸਕਦੇ ਸਨ। ਉਨ੍ਹਾਂ ਕਿਹਾ ਕਿ ਕੰਡਿਆਂ ਨਾਲ ਭਰਿਆ ਯੁੱਗ ਬੀਤ ਚੁੱਕਾ ਹੈ। ਹੁਣ ਅਸੀਂ ਬਿਨਾਂ ਕਿਸੇ ਰਿਸ਼ਵਤ ਦੇ ਪਾਰਦਰਸ਼ੀ ਤਰੀਕੇ ਨਾਲ ਭਰਤੀ ਪ੍ਰੀਖਿਆ ਆਯੋਜਿਤ ਕਰਨ ਵਿਚ ਸਮਰੱਥ ਹਾਂ। ਮੁੱਖ ਮੰਤਰੀ ਨੇ ਕਿਹਾ ਕਿ 1.4 ਲੱਖ ਨੌਜਵਾਨਾਂ ਨੂੰ ਪਹਿਲਾਂ ਹੀ ਇਕ ਲੱਖ ਦੇ ਟੀਚੇ ਦੇ ਮੁਕਾਬਲੇ ਸਰਕਾਰੀ ਨੌਕਰੀਆਂ ਮਿਲ ਚੁੱਕੀਆਂ ਹਨ। ਸਰਕਾਰ ਹੁਣ 2026 ਤੱਕ ਦੋ ਲੱਖ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਦਾ ਟੀਚਾ ਬਣਾ ਰਹੀ ਹੈ।