ਵੀਰ ਸਾਵਰਕਰ ਦੇ ਨਾਂ ’ਤੇ ਕੋਈ ਮਿਊਜ਼ੀਅਮ ਨਹੀਂ

Tuesday, Feb 28, 2023 - 10:55 AM (IST)

ਵੀਰ ਸਾਵਰਕਰ ਦੇ ਨਾਂ ’ਤੇ ਕੋਈ ਮਿਊਜ਼ੀਅਮ ਨਹੀਂ

ਨਵੀਂ ਦਿੱਲੀ- ਕੇਂਦਰ ਸਰਕਾਰ ਨੂੰ ਉਸ ਸਮੇਂ ਕੋਈ ਜਵਾਬ ਨਹੀਂ ਦੇ ਹੋਇਆ, ਜਦ ਉਸ ਤੋਂ ਸਵਾਲ ਕੀਤਾ ਗਿਆ ਕਿ ਦੇਸ਼ ’ਚ ਮਰਹੂਮ ਵੀਰ ਸਾਵਰਕਰ ਦੇ ਨਾਂ ’ਤੇ ਕਿੰਨੇ ਮਿਊਜ਼ੀਅਮਾਂ ਦਾ ਨਾਂ ਰੱਖਿਆ ਗਿਆ ਹੈ। ਭਾਰਤ ਦੇ ਨਿਰਮਾਣ ’ਚ ਜ਼ਬਰਦਸਤ ਯੋਗਦਾਨ ਦੇਣ ਵਾਲੇ ਕਈ ਨੇਤਾਵਾਂ ਦੇ ਨਾਵਾਂ ’ਤੇ ਮੋਦੀ ਸਰਕਾਰ ਨੇ 15 ਮਿਊਜ਼ੀਅਮਾਂ ਦਾ ਨਾਂ ਰੱਖਿਆ ਹੈ ਪਰ ਵੀਰ ਸਾਵਰਕਰ ਦੇ ਨਾਂ ’ਤੇ ਇਕ ਵੀ ਮਿਊਜ਼ੀਅਮ ਦਾ ਨਾਂ ਨਹੀਂ ਰੱਖਿਆ ਗਿਆ। ਇਹ ਵੀਰ ਸਾਵਰਕਰ ਹੀ ਸਨ, ਜਿਨ੍ਹਾਂ ਨੇ ‘ਹਿੰਦੂਤਵ’ ਸ਼ਬਦ ਬਣਾਇਆ ਸੀ।

ਨਾਸਿਕ ਤੋਂ ਸ਼ਿਵ ਸੈਨਾ ਦੇ ਲੋਕ ਸਭਾ ਮੈਂਬਰ ਹੇਮੰਤ ਤੁਕਾਰਾਮ ਗੋਡਸੇ ਨੇ ਕੇਂਦਰੀ ਮੰਤਰੀ ਜੀ. ਕਿਸ਼ਨ ਰੈੱਡੀ ਤੋਂ ਪੁੱਛਿਆ ਸੀ ਕਿ ਆਜ਼ਾਦੀ ਦੀ ਲੜਾਈ ’ਚ ਹਿੱਸਾ ਲੈਣ ਵਾਲੇ ਸਾਡੇ ਕਿੰਨੇ ਨੇਤਾਵਾਂ ਦੇ ਨਾਵਾਂ ’ਤੇ ਮਿਊਜ਼ੀਅਮਾਂ ਦੇ ਨਾਂ ਰੱਖੇ ਗਏ ਹਨ? ਸ਼ਿਵ ਸੈਨਾ ਦੇ ਸੰਸਦ ਮੈਂਬਰ ਨੇ ਕਿਹਾ ਸੀ ਕਿ ਸਾਡੇ ਆਜ਼ਾਦੀ ਘੁਲਾਟੀਆਂ ਦੇ ਨਾਵਾਂ ’ਤੇ ਜਾਂ ਤਾਂ ਬਹੁਤ ਘੱਟ ਮਿਊਜ਼ੀਅਮ ਹਨ ਜਾਂ ਕੋਈ ਵੀ ਨਹੀਂ ਹੈ। ਸੰਸਕ੍ਰਿਤੀ ਮੰਤਰਾਲਾ ਵੱਲੋਂ ਲਿਖਤ ਜਵਾਬ ’ਚ ਦੱਸਿਆ ਗਿਆ ਕਿ ਆਜ਼ਾਦੀ ਘੁਲਾਟੀਆਂ ਦੇ ਨਾਵਾਂ ’ਤੇ ਪੂਰੇ ਦੇਸ਼ ’ਚ 15 ਮਿਊਜ਼ੀਅਮ ਹਨ ਅਤੇ ਮੰਤਰੀ ਨੂੰ ਇਹ ਮੰਣਨ ਲਈ ਮਜਬੂਰ ਹੋਣਾ ਪਿਆ ਕਿ ਇਨ੍ਹਾਂ ’ਚੋਂ ਕਿਸੇ ਵੀ ਮਿਊਜ਼ੀਅਮ ਦਾ ਨਾਂ ਵੀਰ ਸਾਵਰਕਰ ਦੇ ਨਾਂ ’ਤੇ ਨਹੀਂ ਹੈ।

15 ਮਿਊਜ਼ੀਅਮਾਂ ਦੀ ਸੂਚੀ ’ਚ ਨੇਤਾ ਜੀ ਸੁਭਾਸ਼ ਚੰਦਰ ਬੋਸ, ਸਰਦਾਰ ਵੱਲਭ ਭਾਈ ਪਟੇਲ, ਬਿਰਸਾ ਮੁੰਡਾ, ਰਾਮ ਪ੍ਰਸਾਦ ਬਿਸਮਿਲ, ਮਹਾਤਮਾ ਗਾਂਧੀ, ਪੰਡਤ ਜੀ. ਬੀ. ਪੰਤ ਅਤੇ ਹੋਰ ਸ਼ਾਮਲ ਹਨ। ਵੀਰ ਸਾਵਰਕਰ ਨੂੰ ਭਾਜਪਾ ਵਿਸ਼ੇਸ਼ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਮਾਤਾ ਦਾ ਸੱਚਾ ਸਪੂਤ ਦੱਸਦੇ ਹਨ ਜਦਕਿ ਕਾਂਗਰਸ ਹਮੇਸ਼ਾ ਇਹ ਕਹਿੰਦੀ ਰਹੀ ਹੈ ਕਿ ਉਹ ਅੰਗ੍ਰੇਜ਼ਾਂ ਲਈ ਕੰਮ ਕਰਦੇ ਸਨ। ਆਜ਼ਾਦੀ ਦੀ ਲੜਾਈ ’ਚ ਉਨ੍ਹਾਂ ਦਾ ਕੋਈ ਯੋਗਦਾਨ ਨਹੀਂ ਸੀ। ਵੀਰ ਸਾਵਰਕਰ ਸਿਆਸਤ ’ਚ ਵੀ ਹਮੇਸ਼ਾ ਸੁਰਖੀਆਂ ’ਚ ਰਹਿੰਦੇ ਹਨ। ਮਹਾਰਾਸ਼ਟਰ ’ਚ ਭਾਵੇਂ ਹੀ ਸ਼ਿਵ ਸੈਨਾ ਅਤੇ ਕਾਂਗਰਸ ਸਰਕਾਰ ’ਚ ਇਕੱਠੇ ਰਹੇ ਹੋਣ ਪਰ ਵੀਰ ਸਾਵਰਕਰ ਨੂੰ ਲੈ ਕੇ ਸ਼ਿਵ ਸੈਨਾ ਅਤੇ ਕਾਂਗਰਸ ’ਚ ਮਤਭੇਦ ਹਨ।

ਹਾਲੀਆ ਦਿਨਾਂ ’ਚ ਕਾਂਗਰਸ ਨੇ ਸਾਵਰਕਰ ਦੇ ਬਾਰੇ ’ਚ ਗੱਲ ਕਰਨਾ ਬੰਦ ਕਰ ਦਿੱਤਾ ਹੈ। ਸ਼ਿਵ ਸੈਨਾ ਹਮੇਸ਼ਾ ਸਾਵਰਕਰ ਲਈ ‘ਭਾਰਤ ਰਤਨ’ ਚਾਹੁੰਦੀ ਹੈ। ਸ਼ਰਮਿੰਦਗੀ ਦੂਰ ਕਰਨ ਲਈ ਮਹਾਰਾਸ਼ਟਰ ਸਰਕਾਰ ਹੁਣ ‘ਸਾਵਰਕਰ ਸਰਕਟ’ ਸ਼ੁਰੂ ਕਰਨ ਜਾ ਰਹੀ ਹੈ।


author

Rakesh

Content Editor

Related News