ਗਰਮੀ ਦੀਆਂ ਛੁੱਟੀਆਂ ''ਚ ਬੱਚਿਆਂ ਨੂੰ ''ਹੋਮਵਰਕ'' ਤੋਂ ਮੁਕਤੀ, ਕਰਨੇ ਪੈਣਗੇ ਇਹ ਜ਼ਰੂਰੀ ਕੰਮ
Saturday, May 27, 2023 - 12:10 PM (IST)
ਚੰਡੀਗੜ੍ਹ- ਜੂਨ ਦਾ ਮਹੀਨਾ ਚੜ੍ਹਨ ਵਾਲਾ ਹੈ ਅਤੇ ਤਕਰੀਬਨ-ਤਕਰੀਬਨ ਸਾਰੇ ਸਕੂਲਾਂ ਵਿਚ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਪੈ ਜਾਣਗੀਆਂ। ਇਨ੍ਹਾਂ ਗਰਮੀ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਨੂੰ ਸਕੂਲ ਦਾ ਹੋਮਵਰਕ ਮਿਲਦਾ ਹੈ ਪਰ ਹਰਿਆਣਾ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਵਿਚ ਹੋਮਵਰਕ ਤੋਂ ਮੁਕਤੀ ਦੇਣ ਦੀ ਤਿਆਰੀ ਹੈ। ਸਿੱਖਿਆ ਵਿਭਾਗ ਨੇ ਕੁਝ ਪੁਆਇੰਟ ਤਿਆਰ ਕੀਤੇ ਹਨ, ਜਿਸ ਦੇ ਤਹਿਤ ਹੋਮਵਰਕ 'ਚ ਲੇਖ, ਪਹਾੜੇ, ਗਿਣਤੀ ਲਿਖਣ ਅਤੇ ਰਟਾ ਲਾਉਣ ਦੀ ਬਜਾਏ ਐਕਸਪੀਰੀਅੰਸ ਲਰਨਿੰਗ (Experiential learning) 'ਤੇ ਜ਼ੋਰ ਦਿੱਤਾ ਹੈ। ਦੱਸ ਦੇਈਏ ਕਿ ਸਕੂਲਾਂ 'ਚ ਗਰਮੀ ਦੀਆਂ ਛੁੱਟੀਆਂ 1 ਜੂਨ ਤੋਂ ਹੋਣਗੀਆਂ।
ਇਹ ਲਰਨਿੰਗ ਘਰ 'ਚ ਹੀ ਪਰਿਵਾਰ ਦੇ ਮੈਂਬਰਾਂ ਨਾਲ ਮਿਲ ਕੇ ਲੈਣੀ ਹੈ। ਇਹ ਮਹੀਨੇ ਦੀਆਂ ਛੁੱਟੀਆਂ ਨੂੰ 4 ਸੈਕਸ਼ਨਾਂ ਵਿਚ ਵੰਡਿਆ ਗਿਆ ਹੈ। ਇਨ੍ਹਾਂ ਵਿਚ ਬੱਚਿਆਂ ਨੂੰ ਛੁੱਟੀਆਂ ਵਿਚ ਖਾਣਾ ਖਾਂਦੇ ਸਮੇਂ ਟੀ. ਵੀ., ਮੋਬਾਇਲ ਦਾ ਇਸਤੇਮਾਲ ਨਹੀਂ ਕਰਨਾ ਹੈ। ਖ਼ਾਸ ਗੱਲ ਇਹ ਵੀ ਹੈ ਕਿ ਮੋਬਾਇਲ ਦਾ ਵਰਤ ਰੱਖਣਾ ਹੈ, ਯਾਨੀ ਕਿ ਮੋਬਾਇਲ ਦੀ ਵਰਤੋਂ ਬਹੁਤ ਘੱਟ ਕਰਨੀ ਹੈ।
ਇਨ੍ਹਾਂ ਛੁੱਟੀਆਂ ਦੌਰਾਨ ਬੱਚਿਆਂ ਨੂੰ ਆਪਣੇ ਦਾਦਾ-ਦਾਦੀ, ਨਾਨਾ-ਨਾਨੀ ਤੋਂ ਪੁੱਛਣਾ ਹੈ ਕਿ ਉਨ੍ਹਾਂ ਦੇ ਵਿਆਹ 'ਚ ਕਿਹੜੀ-ਕਿਹੜੀ ਮਠਿਆਈ ਬਣੀ ਸੀ। ਆਪਣੇ ਸ਼ਹਿਰ ਦਾ ਨਾਂ, ਪਿਨ ਕੋਡ ਪਤਾ ਕਰਨਾ ਹੈ। ਬੱਚਿਆਂ ਦੇ ਪਰਿਵਾਰ ਤੋਂ ਅਧਿਆਪਕ ਵਿਚ-ਵਿਚ ਫੀਡਬੈਕ ਲੈਣਗੇ। ਓਧਰ ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਦਾ ਕਹਿਣਾ ਹੈ ਕਿ ਵਿਦਿਆਰਥੀ ਗਰਮੀ ਦੀਆਂ ਛੁੱਟੀਆਂ ਵਿਚ ਇਸ ਵਾਰ ਘਰ ਵਿਚ ਆਪਣੇ ਪਰਿਵਾਰ ਦਰਮਿਆਨ ਰਹਿ ਕੇ ਅਜਿਹੀ ਐਕਟੀਵਿਟੀ ਕਰਨਗੇ, ਜਿਸ ਨਾਲ ਉਹ ਬਹੁਤ ਕੁਝ ਸਿੱਖਣਗੇ।
ਸੈਕਸ਼ਨ-1 'ਚ ਪਰਿਵਾਰ ਦੇ ਮੈਂਬਰਾਂ ਦੇ 10 ਫੋਨ ਨੰਬਰ ਯਾਦ ਕਰਨੇ ਹਨ। ਇਸ ਤੋਂ ਇਲਾਵਾ ਖੇਤ, ਗਮਲੇ ਵਿਚ ਮੱਕੀ, ਭਿੰਡੀ, ਤੋਰੀ ਦੇ ਬੀਜ ਲਾਉਣੇ ਹਨ। ਬੂਟਿਆਂ ਦੀ ਲੰਬਾਈ ਮਾਪਣੀ ਹੈ। ਗਮਲਿਆਂ ਵਿਚ ਰੋਜ਼ਾਨਾ ਪਾਣੀ ਪਾਉਣਾ ਹੈ। ਖ਼ਰਬੂਜੇ, ਤਰਬੂਜ਼ ਦੇ ਬੀਜਾਂ ਨੂੰ ਕੱਢ ਕੇ ਸਾਫ ਕਰਨਾ ਹੈ ਅਤੇ ਉਨ੍ਹਾਂ ਦੀ ਗਿਣਤੀ ਕਰਨੀ ਹੈ।
ਸੈਕਸ਼ਨ-2 'ਚ ਰਸੋਈ ਦੀ ਹਰ ਜਾਣਕਾਰੀ ਇਕੱਠੀ ਕਰਨੀ ਹੈ। ਜਿਵੇਂ ਕਿ ਭਾਂਡਿਆਂ ਦੇ ਨਾਂ, ਗਿਣਤੀ, ਆਕਾਰ, ਧਾਤੂ ਅਤੇ ਇਸਤੇਮਾਲ ਬਾਰੇ ਲਿਖਣਾ ਹੈ। ਇਸ ਤੋਂ ਇਲਾਵਾ ਆਟਾ, ਲੂਣ, ਦਾਲਾਂ ਬਾਰੇ ਜਾਣਕਾਰੀ ਲੈਣੀ ਹੈ। ਰਸੋਈ ਦੇ ਮਸਾਲੇ, ਦਾਲਾਂ ਅਤੇ ਹੋਰ ਖੁਰਾਕ ਸਮੱਗਰੀਆਂ ਦੇ ਨਾਂ ਲਿਖਣੇ ਹਨ। ਉਨ੍ਹਾਂ ਨੂੰ ਛੂਹ ਕੇ ਅਤੇ ਸੂੰਘ ਕੇ ਵੇਖਣਾ ਹੈ।
ਸੈਕਸ਼ਨ-3 'ਚ ਦਾਦਾ-ਦਾਦੀ, ਨਾਨਾ-ਨਾਨੀ ਨਾਲ ਸਮਾਂ ਬਿਤਾਉਣਾ ਹੈ। ਦਾਦਾ-ਦਾਦੀ, ਨਾਨਾ-ਨਾਨੀ ਤੋਂ ਪੁੱਛਣਾ ਹੈ ਕਿ ਉਨ੍ਹਾਂ ਦੇ ਵਿਆਹ ਵਿਚ ਕਿਹੜੀ ਮਠਿਆਈ ਬਣੀ ਸੀ। ਉਨ੍ਹਾਂ ਨਾਲ ਚਰਚਾ ਕਰ ਕੇ ਵੀਡੀਓ ਬਣਾਉਣੀ ਹੈ। ਇਕ ਪ੍ਰਾਰਥਨਾ ਯਾਦ ਕਰਨਾ, ਭਜਨ, ਸ਼ਬਦ ਜਾਂ ਧਾਰਮਿਕ ਗੀਤ ਯਾਦ ਕਰਨਾ ਹੈ। ਸਵੇਰੇ ਜਲਦੀ ਉਠਣਾ, ਬਿਸਤਰ ਤਹਿ ਕਰਨਾ, ਯੋਗਾ ਕਰਨਾ ਸਿੱਖਣਾ ਹੈ।
ਸੈਕਸ਼ਨ-4 'ਚ ਅਖ਼ਬਾਰਾਂ ਤੋਂ ਜਾਣਕਾਰੀ ਇਕੱਠੀ ਕਰਨੀ ਹੈ। ਇਸ ਵਿਚ ਵਿਦਿਆਰਥੀ ਖਿਡਾਰੀਆਂ ਦੀਆਂ ਤਸਵੀਰਾਂ ਇਕੱਠੀਆਂ ਕਰਨਗੇ। ਉਨ੍ਹਾਂ ਦੇ ਨਾਂ ਅਤੇ ਖੇਡਾਂ ਬਾਰੇ ਜਾਣਕਾਰੀ ਹਾਸਲ ਕਰਨਗੇ। ਛੁੱਟੀਆਂ ਵਿਚ ਕੀਤੀ ਗਈ ਯਾਤਰਾ ਦਾ ਵੇਰਵਾ ਯਾਨੀ ਕਿੱਥੇ-ਕਿੱਥੇ ਗਏ। ਡਾਕਘਰ, ਬੈਂਕ, ਬੱਸ ਸਟੈਂਡ, ਰੇਲਵੇ ਸਟੇਸ਼ਨ ਦਾ ਦੌਰਾ ਕਰਨਾ। ਸਕੂਟਰ, ਬਾਈਕ, ਕਾਰ ਰੋਜ਼ਾਨਾ ਕਿੰਨੀ ਚੱਲਦੀ ਹੈ, ਉਸ ਦੇ ਇਕ ਮਹੀਨੇ ਦਾ ਤੇਲ ਦਾ ਰਿਕਾਰਡ ਰੱਖਣਾ ਹੈ।