ਨਿਤੀਸ਼ ਦੇ ਚਿਹਰੇ ਦੀ ਵਰਤੋਂ ਹੋ ਰਹੀ ਹੈ, ਰਿਮੋਟ ਭਾਜਪਾ ਦੇ ਹੱਥ ’ਚ : ਰਾਹੁਲ ਗਾਂਧੀ

Wednesday, Oct 29, 2025 - 09:33 PM (IST)

ਨਿਤੀਸ਼ ਦੇ ਚਿਹਰੇ ਦੀ ਵਰਤੋਂ ਹੋ ਰਹੀ ਹੈ, ਰਿਮੋਟ ਭਾਜਪਾ ਦੇ ਹੱਥ ’ਚ : ਰਾਹੁਲ ਗਾਂਧੀ

ਮੁਜ਼ੱਫਰਪੁਰ (ਬਿਹਾਰ) -ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਲਈ ਆਪਣੀ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਤਿੱਖਾ ਹਮਲਾ ਕੀਤਾ ਅਤੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਚਿਹਰੇ ਦੀ ਵਰਤੋਂ ਕੀਤੀ ਜਾ ਰਹੀ ਹੈ, ਜਦੋਂ ਕਿ ਰਿਮੋਟ ਕੰਟਰੋਲ ਭਾਜਪਾ ਦੇ ਹੱਥ ਵਿਚ ਹੈ।

ਉਨ੍ਹਾਂ ਨੇ ਮੁਜ਼ੱਫਰਪੁਰ ਜ਼ਿਲੇ ਦੇ ਸਕਰਾ ਵਿਚ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਇਹ ਵੀ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਸਮਾਜਿਕ ਨਿਆਂ ਦੇ ਵਿਰੁੱਧ ਹਨ। ਇਸ ਰੈਲੀ ਵਿਚ ਮਹਾਗੱਠਜੋੜ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਨੇਤਾ ਤੇਜਸਵੀ ਯਾਦਵ ਅਤੇ ਗੱਠਜੋੜ ਦੀਆਂ ਭਾਈਵਾਲ ਪਾਰਟੀਆਂ ਦੇ ਕੁਝ ਨੇਤਾ ਸ਼ਾਮਲ ਹੋਏ।

ਰਾਹੁਲ ਗਾਂਧੀ ਨੇ ਕਿਹਾ ਕਿ ਨਿਤੀਸ਼ ਜੀ 20 ਸਾਲਾਂ ਤੋਂ ਬਿਹਾਰ ਵਿਚ ਸਰਕਾਰ ਚਲਾ ਰਹੇ ਹਨ। ਉਨ੍ਹਾਂ ਨੇ ਸਿੱਖਿਆ, ਸਿਹਤ ਅਤੇ ਰੁਜ਼ਗਾਰ ਲਈ ਕੀ ਕੀਤਾ? ਕੀ ਤੁਸੀਂ ਅਜਿਹਾ ਸੂਬਾ ਚਾਹੁੰਦੇ ਹੋ ਜਿੱਥੇ ਤੁਹਾਨੂੰ ਕੁਝ ਨਾ ਮਿਲੇ ਅਤੇ ਅਡਾਣੀ ਜੀ ਨੂੰ ਇਕ-ਦੋ ਰੁਪਏ ਵਿਚ ਜ਼ਮੀਨ ਦੇ ਦਿੱਤੀ ਜਾਵੇ?

ਉਨ੍ਹਾਂ ਕਿਹਾ ਕਿ ਸਾਨੂੰ ਉਹ ਬਿਹਾਰ ਚਾਹੀਦਾ ਹੈ ਜਿਸ ਵਿਚ ਸਿੱਖਿਆ, ਸਿਹਤ ਅਤੇ ਰੁਜ਼ਗਾਰ ਹੋਵੇ ਅਤੇ ਜਿੱਥੇ ਬਿਹਾਰ ਦੇ ਲੋਕ ਆਪਣਾ ਭਵਿੱਖ ਦੇਖ ਸਕਣ। ਅਸੀਂ ਇਕ ਅਜਿਹਾ ਬਿਹਾਰ ਚਾਹੁੰਦੇ ਹਾਂ ਜਿੱਥੇ ਲੋਕਾਂ ਨੂੰ ਨੌਕਰੀਆਂ ਲਈ ਦੂਜੇ ਸੂਬਿਆਂ ਵਿਚ ਨਾ ਜਾਣਾ ਪਵੇ, ਸਗੋਂ ਦੂਜੇ ਸੂਬਿਆਂ ਦੇ ਲੋਕ ਇੱਥੇ ਆ ਕੇ ਕੰਮ ਕਰਨ। ਕਾਂਗਰਸ ਨੇਤਾ ਨੇ ਕਿਹਾ ਕਿ ਮਹਾਗੱਠਜੋੜ ਬਿਹਾਰ ਨੂੰ ਸਭ ਤੋਂ ਅੱਗੇ ਲੈ ਜਾਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਬਿਹਾਰ ਦੇ ਲੋਕ ਕਿਸੇ ਵੀ ਮਾਮਲੇ ਵਿਚ ਕਿਸੇ ਨਾਲੋਂ ਘੱਟ ਨਹੀਂ ਹਨ। ਇਹ ਸੂਬਾ ਸਭ ਤੋਂ ਅੱਗੇ ਜਾ ਸਕਦਾ ਹੈ ਅਤੇ ਜਾਏਗਾ।


author

Hardeep Kumar

Content Editor

Related News