ਨਿਰਮਲਾ ਸੀਤਾਰਮਨ ਤੇ ਵਿਜੇ ਰੂਪਾਨੀ ਆਬਜ਼ਰਵਰ ਨਿਯੁਕਤ
Monday, Dec 02, 2024 - 03:23 PM (IST)
ਨਵੀਂ ਦਿੱਲੀ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮੰਗਲਵਾਰ ਨੂੰ ਮਹਾਰਾਸ਼ਟਰ 'ਚ ਪਾਰਟੀ ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੂਪਾਨੀ ਨੂੰ ਕੇਂਦਰੀ ਆਬਜ਼ਰਵਰ ਨਿਯੁਕਤ ਕੀਤਾ। ਪਾਰਟੀ ਵਲੋਂ ਜਾਰੀ ਇਕ ਬਿਆਨ 'ਚ ਇਹ ਐਲਾਨ ਕੀਤਾ ਗਿਆ। ਭਾਜਪਾ ਜਨਰਲ ਸਕੱਤਰ ਅਰੁਣ ਸਿੰਘ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ,''ਪਾਰਟੀ ਦੇ ਸੰਸਦੀ ਬੋਰਡ ਨੇ ਮਹਾਰਾਸ਼ਟਰ 'ਚ ਪਾਰਟੀ ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਵਿਜੇ ਰੂਪਾਨੀ ਅਤੇ ਨਿਰਮਲਾ ਸੀਤਾਰਮਨ ਨੂੰ ਕੇਂਦਰੀ ਆਬਜ਼ਰਵਰ ਨਿਯੁਕਤ ਕੀਤਾ ਹੈ।'' ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 'ਚ ਮਹਾਯੁਤੀ ਨੂੰ ਭਾਰੀ ਜਿੱਤ ਮਿਲੀ ਹੈ। ਮਹਾਯੁਤੀ ਨੇ 288 ਮੈਂਬਰੀ ਵਿਧਾਨ ਸਭਾ 'ਚ 230 ਸੀਟਾਂ 'ਤੇ ਜਿੱਤ ਹਾਸਲ ਕੀਤੀ।
ਭਾਜਪਾ ਨੇ ਸਭ ਤੋਂ ਜ਼ਿਆਦਾ 132 ਸੀਟਾਂ 'ਤੇ ਜਿੱਤ ਦਰਜ ਕੀਤੀ, ਜਦੋਂ ਕਿ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੂੰ 57 ਅਤੇ ਅਜੀਤ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਨੂੰ 41 ਸੀਟਾਂ ਮਿਲੀਆਂ। ਚੋਣ ਨਤੀਜਿਆਂ ਦੇ ਐਲਾਨ 'ਚ ਇਕ ਹਫ਼ਤੇ ਤੋਂ ਵੱਧ ਦਾ ਸਮਾਂ ਬੀਤਣ ਤੋਂ ਬਾਅਦ ਵੀ ਮਹਾਰਾਸ਼ਟਰ 'ਚ ਨਵੀਂ ਸਰਕਾਰ ਦਾ ਗਠਨ ਨਹੀਂ ਹੋਇਆ ਹੈ। ਕਾਰਜਵਾਹਕ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਉਹ ਨਵੇਂ ਮੁੱਖ ਮੰਤਰੀ ਦੀ ਚੋਣ ਨੂੰ ਲੈ ਕੇ ਭਾਜਪਾ ਦੇ ਫ਼ੈਸਲੇ ਦਾ ਸਮਰਥਨ ਕਰਨਗੇ। ਉਨ੍ਹਾਂ ਦੇ ਇਸ ਐਲਾਨ ਤੋਂ ਬਾਅਦ ਲਗਭਗ ਇਹ ਸਪੱਸ਼ਟ ਹੋ ਗਿਆ ਹੈ ਕਿ ਮਹਾਰਾਸ਼ਟਰ ਦਾ ਅਗਲਾ ਮੁੱਖ ਮੰਤਰੀ ਭਾਜਪਾ ਤੋਂ ਹੋਵੇਗਾ। ਭਾਜਪਾ ਨੇ ਐਲਾਨ ਕੀਤਾ ਹੈ ਕਿ ਨਵੀਂ ਮਹਾਯੁਤੀ ਸਰਕਾਰ ਦਾ ਸਹੁੰ ਚੁੱਕ ਸਮਾਰੋਹ 5 ਦਸੰਬਰ ਦੀ ਸ਼ਾਮ ਦੱਖਣੀ ਮੁੰਬਈ ਦੇ ਆਜ਼ਾਦ ਮੈਦਾਨ 'ਚ ਹੋਵੇਗਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ 'ਚ ਸ਼ਾਮਲ ਹੋਣਗੇ। ਭਾਜਪਾ ਸੂਤਰਾਂ ਦਾ ਕਹਿਣਾ ਹੈ ਕਿ ਤਿੰਨ ਦਸੰਬਰ ਨੂੰ ਪਾਰਟੀ ਵਿਧਾਇਕ ਦਲ ਦੀ ਬੈਠਕ ਹੋ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8