ਨਿਰਮਲਾ ਸੀਤਾਰਮਨ ਨੇ ਵਿੱਤ ਮੰਤਰਾਲਾ ਦਾ ਚਾਰਜ ਸੰਭਾਲਿਆ

06/12/2024 11:42:12 AM

ਨਵੀਂ ਦਿੱਲੀ- ਨਿਰਮਲਾ ਸੀਤਾਰਮਨ ਨੇ ਬੁੱਧਵਾਰ ਯਾਨੀ ਕਿ ਅੱਜ ਲਗਾਤਾਰ ਦੂਜੇ ਕਾਰਜਕਾਲ ਲਈ ਵਿੱਤ ਮੰਤਰਾਲਾ ਦਾ ਚਾਰਜ ਸੰਭਾਲ ਲਿਆ। ਉਹ ਜਲਦੀ ਹੀ ਵਿੱਤੀ ਸਾਲ 2025 ਲਈ ਅੰਤਿਮ ਬਜਟ ਪੇਸ਼ ਕਰੇਗੀ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਤੀਜੀ ਸਰਕਾਰ ਦੀ ਤਰਜੀਹ ਅਤੇ ਵਿਕਸਿਤ ਭਾਰਤ ਦੀ ਦਿਸ਼ਾ ਤੈਅ ਕਰੇਗਾ। ਨਾਰਥ ਬਲਾਕ ਸਥਿਤ ਦਫ਼ਤਰ ਵਿਚ ਵਿੱਤ ਸਕੱਤਰ ਟੀ. ਵੀ. ਸੋਮਨਾਥਨ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਸੀਤਾਰਮਨ ਦਾ ਸਵਾਗਤ ਕੀਤਾ। ਵਿੱਤ ਰਾਜ ਮੰਤਰੀ ਪੰਕਜ ਚੌਧਰੀ ਵੀ ਮੌਜੂਦ ਸਨ। ਚੌਧਰੀ ਨੇ ਮੰਗਲਵਾਰ ਸ਼ਾਮ ਨੂੰ ਚਾਰਜ ਸੰਭਾਲਿਆ। ਸੀਤਾਰਮਨ ਲਗਾਤਾਰ 7ਵਾਂ ਬਜਟ ਅਤੇ ਲਗਾਤਾਰ 6ਵਾਂ ਪੂਰਨ ਬਜਟ ਪੇਸ਼ ਕਰ ਕੇ ਇਕ ਰਿਕਾਰਡ ਬਣਾਏਗੀ। ਵਿੱਤ ਸਾਲ 2024-25 ਲਈ ਪੂਰਨ ਬਜਟ ਅਗਲੇ ਮਹੀਨੇ ਨਵੇਂ ਗਠਿਤ 18ਵੀਂ ਲੋਕ ਸਭਾ 'ਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। 

ਦੱਸ ਦੇਈਏ ਕਿ ਸੀਤਾਰਮਨ ਦੇ ਨਾਂ ਮੋਦੀ ਸਰਕਾਰ ਵਿਚ ਲਗਾਤਾਰ ਤੀਜੇ ਕਾਰਜਕਾਲ ਲਈ ਮੰਤਰੀ ਦੇ ਰੂਪ ਵਿਚ ਸ਼ਾਮਲ ਹੋਣ ਵਾਲੀ ਪਹਿਲੀ ਮਹਿਲਾ ਬਣਨ ਦਾ ਰਿਕਾਰਡ ਵੀ ਹੈ। ਆਪਣੇ ਸਿਆਸੀ ਕਰੀਅਰ ਵਿਚ ਉਨ੍ਹਾਂ ਨੇ ਕਈ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ। 2017 ਵਿਚ ਪਹਿਲੀ ਮਹਿਲਾ ਰੱਖਿਆ ਮੰਤਰੀ ਬਣੀ। ਇਸ ਤੋਂ ਪਹਿਲਾਂ ਉਹ ਉਦਯੋਗ ਅਤੇ ਵਣਜ ਮੰਤਰੀ ਸੀ। ਅਰੁਣ ਜੇਤਲੀ (ਵਿੱਤ ਮੰਤਰੀ 2014-19) ਦੇ ਬੀਮਾਰ ਹੋਣ 'ਤੇ ਸੀਤਾਰਮਨ ਨੇ 2019 ਦੀਆਂ ਆਮ ਚੋਣਾਂ ਮਗਰੋਂ ਨਵੀਂ ਚੁਣੀ ਮੋਦੀ ਸਰਕਾਰ ਵਿਚ ਵਿੱਤ ਵਿਭਾਗ ਦਾ ਚਾਰਜ ਸੰਭਾਲਿਆ ਸੀ। ਉਹ ਆਜ਼ਾਦ ਭਾਰਤ ਵਿਚ ਪਹਿਲੀ ਪੂਰਾ ਸਮਾਂ ਮਹਿਲਾ ਵਿੱਤ ਮੰਤਰੀ ਬਣੀ। ਇਸ ਤੋਂ ਪਹਿਲਾਂ ਇੰਦਰਾ ਗਾਂਧੀ ਨੇ ਭਾਰਤ ਦੀ ਪ੍ਰਧਾਨ ਮੰਤਰੀ ਰਹਿੰਦੇ ਹੋਏ ਥੋੜ੍ਹੇ ਸਮੇਂ ਲਈ ਵਾਧੂ ਵਿਭਾਗ ਦੇ ਰੂਪ ਵਿਚ ਵਿੱਤ ਦਾ ਚਾਰਜ ਸੰਭਾਲਿਆ ਸੀ।

ਨਿਰਮਲਾ ਸੀਤਾਰਮਨ ਦਾ ਜਨਮ 18 ਅਗਸਤ 1959 ਨੂੰ ਮਦੁਰੈ ਵਿਚ ਰੇਲਵੇ ਵਿਚ ਵਰਕਰ ਨਾਰਾਇਣ ਸੀਤਾਰਮਨ ਅਤੇ ਸਾਵਿਤਰੀ ਦੇ ਘਰ ਹੋਇਆ। ਸੀਤਾਰਮਨ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ (JNU) ਤੋਂ ਅਰਥਸ਼ਾਸਤਰ ਵਿਚ ਪੋਸਟ ਗਰੈਜੂਏਟ ਅਤੇ ਐੱਮ. ਫਿਲ ਕੀਤੀ ਹੈ। ਸਿਆਸਤ ਵਿਚ ਆਉਣ ਤੋਂ ਪਹਿਲਾਂ ਸੀਤਾਰਮਨ ਬ੍ਰਿਟੇਨ ਵਿਚ ਕਾਰਪੋਰੇਟ ਜਗਤ ਦਾ ਹਿੱਸਾ ਸੀ, ਜਿੱਥੇ ਉਹ ਆਪਣੇ ਪਤੀ ਪਰਕਲਾ ਪ੍ਰਭਾਕਰ ਨਾਲ ਰਹਿ ਰਹੀ ਸੀ। ਦੋਹਾਂ ਦੀ ਮੁਲਾਕਾਤ JNU ਵਿਚ ਪੜ੍ਹਾਈ ਦੌਰਾਨ ਹੋਈ  ਅਤੇ 1986 ਵਿਚ ਦੋਹਾਂ ਨੇ ਵਿਆਹ ਕਰ ਲਿਆ। ਉਨ੍ਹਾਂ ਦੀ ਇਕ ਧੀ ਪਰਕਲਾ ਵਾਂਗਮਈ ਹੈ। ਉਨ੍ਹਾਂ ਨੇ ਹੈਦਰਾਬਾਦ ਵਿਚ ਸੈਂਟਰ ਫਾਰ ਪਬਲਿਕ ਸਟਡੀਜ਼ ਦੀ ਡਿਪਟੀ ਡਾਇਰੈਕਟਰ ਦੇ ਰੂਪ ਵਿਚ ਕੰਮ ਕੀਤਾ। ਸ਼ਹਿਰ  ਵਿਚ ਇਕ ਸਕੂਲ ਵੀ ਸ਼ੁਰੂ ਕੀਤਾ। ਉਹ 2003 ਤੋਂ 2005 ਤੱਕ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਮੈਂਬਰ ਵੀ ਰਹੀ। 


Tanu

Content Editor

Related News