ਟਾਪ ਇੰਸਟੀਚਿਊਟ ਰੈਂਕਿੰਗ 2023: IIT ਮਦਰਾਸ ਦੇਸ਼ ਦਾ ਟਾਪ ਇੰਸਟੀਚਿਊਟ
Tuesday, Jun 06, 2023 - 05:15 PM (IST)
ਨਵੀਂ ਦਿੱਲੀ- ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਸੋਮਵਾਰ ਨੂੰ ਦੇਸ਼ ਦੇ ਚੋਟੀ ਦੇ ਸੰਸਥਾਨ ਰੈਂਕਿੰਗ-2023 ਯਾਨੀ ਕਿ NIRF ਦਾ ਐਲਾਨ ਕੀਤਾ ਗਿਆ। ਇਸ ਵਾਰ ਸਮੁੱਚੀ ਦਰਜਾਬੰਦੀ ਵਿਚ ਆਈ. ਆਈ. ਟੀ ਮਦਰਾਸ ਦੇਸ਼ ਦਾ ਸਭ ਤੋਂ ਵਧੀਆ ਇੰਸਟੀਚਿਊਟ ਹੈ। ਦੂਜੇ ਪਾਸੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ, ਬੈਂਗਲੁਰੂ ਨੂੰ ਯੂਨੀਵਰਸਿਟੀਆਂ ਦੀ ਰੈਂਕਿੰਗ ਵਿਚ ਪਹਿਲੇ ਨੰਬਰ ਦਾ ਦਰਜਾ ਮਿਲਿਆ ਹੈ।
ਦੂਜੇ ਪਾਸੇ ਸਮੁੱਚੀ ਦਰਜਾਬੰਦੀ 'ਚ ਟਾਪ 100 'ਚ ਪੰਜਾਬ ਯੂਨੀਵਰਸਿਟੀ ਸਮੇਤ ਪੰਜਾਬ ਦੇ 9 ਇੰਸਟੀਚਿਊਟ ਹਨ। ਜਦਕਿ ਹਰਿਆਣਾ ਦਾ ਇਕ ਵੀ ਇੰਸਟੀਚਿਊਟ ਇਸ ਸੂਚੀ ਵਿਚ ਨਹੀਂ ਹੈ। ਸਿੱਖਿਆ ਮੰਤਰਾਲੇ ਵੱਲੋਂ ਜਾਰੀ ਉੱਚ ਸਿੱਖਿਆ ਸੰਸਥਾਵਾਂ ਦੀ ਦਰਜਾਬੰਦੀ ਵਿਚ 5,543 ਸਿੱਖਿਆ ਸੰਸਥਾਵਾਂ ਨੇ ਹਿੱਸਾ ਲਿਆ। ਸਮੁੱਚੀ ਦਰਜਾਬੰਦੀ ਤੋਂ ਇਲਾਵਾ 12 ਵਿਸ਼ਿਆਂ 'ਚ ਰੈਂਕਿੰਗ ਜਾਰੀ ਕੀਤੀ ਗਈ ਹੈ। IIM ਅਹਿਮਦਾਬਾਦ ਲਗਾਤਾਰ ਚੌਥੇ ਸਾਲ ਮੈਨੇਜਮੈਂਟ ਇੰਸਟੀਚਿਊਟ 'ਚ ਸਿਖਰ 'ਤੇ ਰਿਹਾ। ਗੁਰੂਗ੍ਰਾਮ ਦੀ ਗ੍ਰੇਟ ਲੇਕਸ ਇੰਸਟੀਚਿਊਟ ਆਫ ਮੈਨੇਜਮੈਂਟ 62ਵੇਂ, ਬੀ.ਐੱਮ.ਐੱਲ. ਮੁੰਜਾਲ ਯੂਨੀਵਰਸਿਟੀ 72ਵੇਂ, ਐਮਿਟੀ ਯੂਨੀਵਰਸਿਟੀ 81ਵੇਂ, ਗੁਰੂ ਜੰਭੇਸ਼ਵਰ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ ਹਿਸਾਰ 100ਵੇਂ ਸਥਾਨ 'ਤੇ ਹੈ।
IIT ਮਦਰਾਸ ਦੇ ਡਾਇਰੈਕਟਰ ਪ੍ਰੋ. ਵੀ. ਕਾਮਾਕੋਟੀ ਨੇ ਕਿਹਾ ਕਿ ਅਸੀਂ ਹਾਲ ਹੀ ਵਿਚ ਨਿਰਮਾਣ, ਸਿਹਤ ਸੰਭਾਲ ਅਤੇ ਸਹਾਇਕ ਤਕਨਾਲੋਜੀ, ਸਮੁੰਦਰੀ ਖੇਤਰ, ਖੇਡਾਂ, ਕੈਂਸਰ ਜੀਨੋਮਿਕਸ ਅਤੇ ਊਰਜਾ ਵਰਗੀਆਂ ਅਗਲੀਆਂ ਪੀੜ੍ਹੀਆਂ ਦੀਆਂ ਤਕਨਾਲੋਜੀਆਂ 'ਚ ਅਤਿ ਆਧੁਨਿਕ ਖੋਜ ਕਰਨ ਲਈ 15 ਸੈਂਟਰ ਆਫ਼ ਐਕਸੀਲੈਂਸ ਲਾਂਚ ਕੀਤੇ ਹਨ। IIT ਮਦਰਾਸ ਫਾਰ ਆਲ ਵਿਜ਼ਨ ਨੂੰ ਧਿਆਨ 'ਚ ਰੱਖਦੇ ਹੋਏ ਬੀ.ਐਸ.ਸੀ. ਸਮੇਤ ਕਈ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ। ਅਜਿਹੇ ਲਗਾਤਾਰ ਯਤਨਾਂ ਨੇ ਸਾਨੂੰ ਕਈ ਸਾਲਾਂ ਤੋਂ ਸਿਖਰ 'ਤੇ ਰੱਖਿਆ ਹੈ। ਸਾਰੇ ਸੂਬਿਆਂ 'ਚੋਂ ਜਿਨ੍ਹਾਂ ਸੰਸਥਾਵਾਂ ਨੂੰ ਟਾਪ-100 ਵਿਚ ਥਾਂ ਮਿਲੀ ਹੈ, ਉਨ੍ਹਾਂ ਵਿਚੋਂ ਹਰੇਕ ਸੂਬੇ 'ਚ ਉੱਚ ਦਰਜੇ ਦੀ ਸੰਸਥਾ ਤਕਨੀਕੀ ਸਿੱਖਿਆ ਨਾਲ ਸਬੰਧਤ ਹੈ।