ਨਿਰਭਯਾ ਕੇਸ : ਦੋਸ਼ੀਆਂ ਦੀ ਨਵੀਂ ਚਾਲ, ਫਾਂਸੀ ਰੋਕਣ ਲਈ ਕੌਮਾਂਤਰੀ ਅਦਾਲਤ ਦਾ ਕੀਤਾ ਰੁਖ਼

03/16/2020 4:35:16 PM

ਨਵੀਂ ਦਿੱਲੀ— ਨਿਰਭਯਾ ਗੈਂਗਰੇਪ ਅਤੇ ਕਤਲ ਮਾਮਲੇ ਵਿਚ ਦੋਸ਼ੀਆਂ ਨੂੰ ਫਾਂਸੀ ਦੇਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਦਰਮਿਆਨ ਚਾਰੇ ਦੋਸ਼ੀਆਂ 'ਚੋਂ 3 ਦੋਸ਼ੀਆਂ— ਅਕਸ਼ੈ, ਪਵਨ ਅਤੇ ਵਿਨੇ ਨੇ ਫਾਂਸੀ ਦੀ ਸਜ਼ਾ 'ਤੇ ਰੋਕ ਲਾਉਣ ਲਈ ਕੌਮਾਂਤਰੀ ਅਦਾਲਤ (ਆਈ. ਸੀ. ਜੇ.) ਯਾਨੀ ਕਿ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਰੁਖ਼ ਕੀਤਾ ਹੈ। ਦੋਸ਼ੀਆਂ ਨੇ ਨਵੀਂ ਚਾਲ ਚੱਲਦੇ ਹੋਏ ਕੌਮਾਂਤਰੀ ਅਦਾਲਤ ਤੋਂ ਆਪਣੀ ਮੌਤ ਦੀ ਸਜ਼ਾ 'ਤੇ ਰੋਕ ਲਾਉਣ ਦੀ ਪਟੀਸ਼ਨ ਦਾਇਰ ਕੀਤੀ ਹੈ। ਇੱਥੇ ਦੱਸ ਦੇਈਏ ਕਿ ਨਿਰਭਯਾ ਕੇਸ ਦੇ ਚਾਰੇ ਦੋਸ਼ੀਆਂ ਦੇ ਕਾਨੂੰਨੀ ਬਦਲ ਲੱਗਭਗ ਖਤਮ ਹੋ ਚੁੱਕੇ ਹਨ ਅਤੇ ਬੀਤੇ ਦਿਨੀਂ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦਰਿੰਦਿਆਂ ਨੂੰ 20 ਮਾਰਚ 2020 ਨੂੰ ਸਵੇਰੇ 5.30 ਵਜੇ ਫਾਂਸੀ ਦੇਣ ਲਈ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਡੈੱਥ ਵਾਰੰਟ 'ਤੇ 3 ਵਾਰ ਰੋਕ ਲੱਗ ਚੁੱਕੀ ਹੈ। ਅਜਿਹਾ ਇਸ ਲਈ ਕਿਉਂਕਿ ਦਰਿੰਦੇ ਫਾਂਸੀ ਤੋਂ ਬਚਣ ਲਈ ਇਕ ਤੋਂ ਬਾਅਦ ਇਕ ਨਵੀਂ ਚਾਲ ਚੱਲਦੇ ਹਨ। ਹਾਲਾਂਕਿ ਉਨ੍ਹਾਂ ਵਲੋਂ ਅਪਣਾਏ ਗਏ ਸਾਰੇ ਪੈਂਤੜੇ ਫੇਲ ਸਾਬਤ ਹੋ ਰਹੇ ਹਨ। ਸੁਪਰੀਮ ਕੋਰਟ, ਹਾਈ ਕੋਰਟ ਇੱਥੋਂ ਤਕ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਦਰਿੰਦਿਆਂ ਦੀ ਦਯਾ ਪਟੀਸ਼ਨਾਂ ਖਾਰਜ ਕੀਤੀਆਂ ਜਾ ਚੁੱਕੀਆਂ ਹਨ। ਨਿਰਭਯਾ ਦੇ ਚਾਰੇ ਦੋਸ਼ੀਆਂ ਇਸ ਸਮੇਂ ਤਿਹਾੜ ਜੇਲ 'ਚ ਬੰਦ ਹਨ, ਜਿੱਥੇ ਉਨ੍ਹਾਂ ਨੂੰ ਫਾਂਸੀ ਦਿੱਤੀ ਜਾਵੇਗੀ। 

ਇਹ ਵੀ ਪੜ੍ਹੋ : ਨਿਰਭਯਾ ਕੇਸ : ਦਰਿੰਦਿਆਂ ਨੂੰ ਫਾਂਸੀ ਦੇਣ ਦੀ ਤਿਆਰੀ ਸ਼ੁਰੂ, ਜੱਲਾਦ ਨੂੰ 3 ਦਿਨ ਪਹਿਲਾਂ ਹੀ ਬੁਲਾਇਆ

ਨਿਰਭਯਾ ਦੇ ਮਾਪਿਆਂ ਨੂੰ ਇਨਸਾਫ ਦੀ ਲੰਬੀ ਉਡੀਕ—
ਨਿਰਭਯਾ ਦੇ ਮਾਤਾ-ਪਿਤਾ ਨੂੰ ਦਰਿੰਦਿਆਂ ਨੂੰ ਫਾਂਸੀ ਦੇਣ ਦੀ ਲੰਬੀ ਉਡੀਕ ਹੈ। ਮਾਂ ਆਸ਼ਾ ਦੇਵੀ ਪਿਛਲੇ ਲੱਗਭਗ 7 ਸਾਲਾਂ ਤੋਂ ਲੰਬੀ ਲੜਾਈ ਲੜ ਰਹੀ ਹੈ। ਮਾਪਿਆਂ ਨੂੰ ਆਸ ਇਹ ਹੀ ਬੱਝੀ ਹੈ ਕਿ ਉਨ੍ਹਾਂ ਦੀ ਧੀ ਨੂੰ ਇਕ ਦਿਨ ਇਨਸਾਫ ਜ਼ਰੂਰ ਮਿਲੇਗਾ ਅਤੇ ਉਹ ਆਪਣੀ ਲੜਾਈ ਨੂੰ ਜਾਰੀ ਰੱਖਣਗੇ। ਹਾਲਾਂਕਿ ਉਨ੍ਹਾਂ 'ਚ ਨਿਰਾਸ਼ਾ ਇਸ ਗੱਲ ਨੂੰ ਲੈ ਕੇ ਵੀ ਹੈ ਕਿ ਦੋਸ਼ੀਆਂ ਨੇ ਕਾਨੂੰਨ ਦਾ ਮਜ਼ਾਕ ਬਣਾ ਕੇ ਰੱਖਿਆ ਹੈ। ਨਿਰਭਯਾ ਦੀ ਮਾਂ ਨੇ ਤਾਂ ਇੱਥੋਂ ਤਕ ਆਖ ਦਿੱਤਾ ਸੀ ਕਿ ਸਾਡਾ ਸਾਰਾ ਸਿਸਟਮ ਹੀ ਫੇਲ ਹੈ ਅਤੇ ਦੋਸ਼ੀਆਂ ਨੂੰ ਇਕ ਤੋਂ ਬਾਅਦ ਇਕ ਰਾਹਤ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਨਿਰਭਯਾ ਕੇਸ : ਦੋਸ਼ੀ ਮੁਕੇਸ਼ ਦੀ ਪਟੀਸ਼ਨ ਖਾਰਜ, ਵਕੀਲ ਵਿਰੁੱਧ ਕੀਤੀ ਸੀ ਸ਼ਿਕਾਇਤ

16 ਦਸੰਬਰ 2012 ਦਾ ਹੈ ਮਾਮਲਾ—
ਦਿੱਲੀ ਦੀ ਪੈਰਾਮੈਡੀਕਲ ਵਿਦਿਆਰਥਣ ਨਾਲ 16 ਦਸੰਬਰ 2012 ਨੂੰ 6 ਲੋਕਾਂ ਨੇ ਚੱਲਦੀ ਬੱਸ ਵਿਚ ਦਰਿੰਦਗੀ ਕੀਤੀ ਸੀ। ਗੰਭੀਰ ਜ਼ਖਮਾਂ ਕਾਰਨ 26 ਦਸੰਬਰ ਨੂੰ ਸਿੰਗਾਪੁਰ 'ਚ ਇਲਾਜ ਦੌਰਾਨ ਨਿਰਭਯਾ ਦੀ ਮੌਤ ਹੋ ਗਈ ਸੀ। ਘਟਨਾ ਦੇ 9 ਮਹੀਨੇ ਬਾਅਦ ਯਾਨੀ ਕਿ ਸਤੰਬਰ 2013 ਨੂੰ ਹੇਠਲੀ ਅਦਾਲਤ ਨੇ 5 ਦੋਸ਼ੀਆਂ- ਰਾਮ ਸਿੰਘ, ਪਵਨ, ਅਕਸ਼ੈ, ਵਿਨੇ ਅਤੇ ਮੁਕੇਸ਼ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਮਾਰਚ 2014 'ਚ ਹਾਈ ਕੋਰਟ ਅਤੇ ਮਈ 2017 'ਚ ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ। ਟਰਾਇਲ ਦੌਰਾਨ ਮੁੱਖ ਦੋਸ਼ੀ ਰਾਮ ਸਿੰਘ ਨੇ ਜੇਲ 'ਚ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ ਸੀ। ਇਕ ਹੋਰ ਦੋਸ਼ੀ ਜੋ ਕਿ ਨਾਬਾਲਗ ਹੋਣ ਕਾਰਨ 3 ਸਾਲ ਸੁਧਾਰ ਗ੍ਰਹਿ 'ਚ ਸਜ਼ਾ ਪੂਰੀ ਕਰ ਚੁੱਕਾ ਹੈ।


Tanu

Content Editor

Related News