ਨਿਰਭਯਾ ਦੇ ਦੋਸ਼ੀਆਂ ਦਾ ਆਖਰੀ ਦਾਅ ਵੀ ਫੇਲ, 22 ਜਨਵਰੀ ਨੂੰ ਫਾਂਸੀ ਪੱਕੀ

01/14/2020 2:35:18 PM

ਨਵੀਂ ਦਿੱਲੀ— ਨਿਰਭਯਾ ਗੈਂਗਰੇਪ ਕੇਸ ਦੇ ਦੋ ਦੋਸ਼ੀਆਂ ਵਿਨੇ ਸ਼ਰਮਾ ਅਤੇ ਮੁਕੇਸ਼ ਦੀ ਕਿਊਰੇਟਿਵ ਪਟੀਸ਼ਨਾਂ 'ਤੇ ਸੁਪਰੀਮ ਕੋਰਟ ਅੱਜ ਭਾਵ ਮੰਗਲਵਾਰ ਨੂੰ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਨਿਰਭਯਾ ਕੇਸ ਦੇ ਦੋ ਦੋਸ਼ੀਆਂ ਵਿਨੇ ਸ਼ਰਮਾ ਅਤੇ ਮੁਕੇਸ਼ ਵਲੋਂ ਦਾਇਰ ਕਿਊਰੇਟਿਵ ਪਟੀਸ਼ਨ ਖਾਰਜ ਕਰ ਦਿੱਤੀ ਹੈ। ਕਿਊਰੇਟਿਵ ਪਟੀਸ਼ਨ ਖਾਰਜ ਹੋਣ ਮਗਰੋਂ ਦੋਸ਼ੀਆਂ ਦੀ ਫਾਂਸੀ 'ਤੇ ਪੱਕੇ ਤੌਰ 'ਤੇ ਮੋਹਰ ਲੱਗ ਗਈ ਹੈ। ਸੁਪਰੀਮ ਕੋਰਟ ਦੀ 5 ਮੈਂਬਰੀ ਬੈਂਚ ਜਸਟਿਸ ਐੱਨ. ਵੀ. ਰਮਨਾ, ਅਰੁਣ ਮਿਸ਼ਰਾ, ਰੋਹਿੰਟਨ ਫਲੀ ਨਰੀਮਨ, ਆਰ. ਭਾਨੂੰਮਤੀ ਅਤੇ ਅਸ਼ੋਕ ਭੂਸ਼ਣ ਦੋਹਾਂ ਦੋਸ਼ੀਆਂ ਵਲੋਂ ਦਾਇਰ ਪਟੀਸ਼ਨਾਂ 'ਤੇ ਸੁਣਵਾਈ ਕੀਤੀ ਗਈ। 5 ਜੱਜਾਂ ਦੀ ਬੈਂਚ ਨੇ ਦੋਹਾਂ ਦੋਸ਼ੀਆਂ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਸਾਰੇ ਜੱਜਾਂ ਦੀ ਸਹਿਮਤੀ ਨਾਲ ਪਟੀਸ਼ਨ ਨੂੰ ਖਾਰਜ ਕੀਤਾ ਗਿਆ।

PunjabKesari

ਇੱਥੇ ਦੱਸ ਦੇਈਏ ਕਿ ਬੀਤੀ 7 ਜਨਵਰੀ 2020 ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਲੋਂ ਚਾਰੇ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਲਈ ਡੈੱਥ ਵਾਰੰਟ ਜਾਰੀ ਕੀਤਾ ਗਿਆ ਹੈ। ਨਿਰਭਯਾ ਦੀ ਮਾਂ ਨੇ ਕੋਰਟ 'ਚ ਡੈੱਥ ਵਾਰੰਟ ਜਾਰੀ ਕਰਨ ਦੀ ਅਰਜ਼ੀ ਦਾਇਰ ਕੀਤੀ ਸੀ। ਕੋਰਟ ਨੇ ਚਾਰੇ ਦੋਸ਼ੀਆਂ ਨੂੰ 22 ਜਨਵਰੀ ਦੀ ਸਵੇਰ ਨੂੰ 7 ਵਜੇ ਫਾਂਸੀ ਦੇਣ ਦਾ ਸਮਾਂ ਤੈਅ ਕੀਤਾ ਹੈ। ਡੈੱਥ ਵਾਰੰਟ ਜਾਰੀ ਹੋਣ ਮਗਰੋਂ ਚਾਰ ਦੋਸ਼ੀਆਂ 'ਚੋਂ 2 ਨੇ ਸੁਪਰੀਮ ਕੋਰਟ ਦਾ ਮੁੜ ਦਰਵਾਜ਼ਾ ਖੜਕਾਇਆ ਸੀ। ਚਾਰੇ ਦੋਸ਼ੀਆਂ ਤਿਹਾੜ ਜੇਲ 'ਚ ਬੰਦ ਹਨ, ਜਿੱਥੇ ਉਨ੍ਹਾਂ ਨੂੰ ਇਕੱਠਿਆਂ ਫਾਂਸੀ 'ਤੇ ਲਟਕਾਇਆ ਜਾਵੇਗਾ।

16 ਦਸੰਬਰ 2012 ਦਾ ਕੇਸ—
16 ਦਸੰਬਰ 2012 ਨੂੰ ਦਿੱਲੀ 'ਚ ਚੱਲਦੀ ਬੱਸ 'ਚ ਨਿਰਭਯਾ ਨਾਲ ਗੈਂਗਰੇਪ ਕੀਤਾ ਗਿਆ ਸੀ। ਕਰੀਬ 13 ਦਿਨ ਬਾਅਦ ਨਿਰਭਯਾ ਜ਼ਿੰਦਗੀ ਦੀ ਜੰਗ ਹਾਰ ਗਈ। ਇਸ ਅਪਰਾਧ 'ਚ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਬਲਾਤਕਾਰ ਅਤੇ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਸੀ। ਦੋਸ਼ੀਆਂ 'ਚੋਂ ਇਕ ਨੇ ਜੇਲ 'ਚ ਖੁਦਕੁਸ਼ੀ ਕਰ ਲਈ ਸੀ, ਜਦਕਿ ਇਕ ਨਾਬਾਲਗ ਸੀ ਜਿਸ ਨੂੰ ਜੁਵੇਨਾਈਲ ਕੋਰਟ 'ਚ ਪੇਸ਼ ਕੀਤਾ ਗਿਆ। ਨਾਬਾਲਗ ਦੋਸ਼ੀ ਨੇ ਬਾਲ ਸੁਧਾਰ ਘਰ 'ਚ 3 ਸਾਲ ਦੀ ਜੇਲ ਕੱਟੀ। ਬਾਕੀ 4 ਦੋਸ਼ੀਆਂ ਨੂੰ 2013 'ਚ ਟਰਾਇਲ ਕੋਰਟ ਨੇ ਮੌਤ ਦੀ ਸਜ਼ਾ ਸੁਣਾਈ ਸੀ। ਦਿੱਲੀ ਹਾਈ ਕੋਰਟ ਨੇ ਦੋਸ਼ੀਆਂ ਦੀ ਇਸ ਸਜ਼ਾ ਨੂੰ ਬਰਕਰਾਰ ਰੱਖਿਆ। ਇਸ ਤੋਂ ਬਾਅਦ 2017 'ਚ ਸੁਪਰੀਮ ਕੋਰਟ ਨੇ ਵੀ ਸਜ਼ਾ 'ਚ ਕੋਈ ਬਦਲਾਅ ਨਹੀਂ ਕੀਤਾ। ਸੁਪਰੀਮ ਕੋਰਟ ਨੇ ਦੋਸ਼ੀਆਂ ਦੀ ਮੁੜ ਵਿਚਾਰ ਪਟੀਸ਼ਨਾਂ ਨੂੰ ਵੀ ਖਾਰਜ ਕਰ ਦਿੱਤਾ।


Tanu

Content Editor

Related News