ਨਿਰਭਯਾ ਮਾਮਲਾ: ਦੋਸ਼ੀ ਮੁਕੇਸ਼ ਦੀ ਜਲਦੀ ਸੁਣਵਾਈ ਵਾਲੀ ਪਟੀਸ਼ਨ SC ਨੇ ਠੁਕਰਾਈ
Saturday, Mar 07, 2020 - 06:28 PM (IST)
ਨਵੀਂ ਦਿੱਲੀ—ਨਿਰਭਯਾ ਗੈਂਗਰੇਪ ਅਤੇ ਕਤਲ ਮਾਮਲੇ 'ਚ ਦੋਸ਼ੀਆਂ ਵੱਲੋਂ ਫਾਂਸੀ ਨੂੰ ਲਟਕਾਉਣ ਲਈ ਲਗਾਤਾਰ ਨਵੇਂ ਤੋਂ ਨਵਾਂ ਦਾਅ-ਪੇਚ ਖੇਡਿਆ ਜਾ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਇਸ ਮਾਮਲੇ 'ਚ ਦੋਸ਼ੀ ਮੁਕੇਸ਼ ਸ਼ਰਮਾ ਨੂੰ ਸੁਪਰੀਮ ਕੋਰਟ ਨੇ ਰਾਹਤ ਦੇਣ ਤੋਂ ਇਨਕਾਰ ਕਰਦੇ ਹੋਏ ਪਟੀਸ਼ਨ ਖਾਰਿਜ ਕਰ ਦਿੱਤੀ ਹੈ। ਦਰਅਸਲ ਮੁਕੇਸ਼ ਦੇ ਵਕੀਲ ਐੱਮ.ਐੱਲ. ਸ਼ਰਮਾ ਨੇ ਸੁਪਰੀਮ ਕੋਰਟ ਨੇ ਰਜਿਸਟਰੀ ਰਾਹੀਂ ਮੰਗ ਕਰਦੇ ਹੋਏ ਜਲਦ ਸੁਣਵਾਈ ਦੀ ਗੁਹਾਰ ਲਗਾਈ ਸੀ ਹਾਲਾਂਕਿ ਸੁਪਰੀਮ ਕੋਰਟ ਨੇ ਇਸ ਮੰਗ ਵਾਲੀ ਪਟੀਸ਼ਨ ਖਾਰਿਜ ਕਰ ਦਿੱਤੀ ਹੈ। ਪਟੀਸ਼ਨ 'ਚ ਮੰਗ ਕੀਤੀ ਗਈ ਸੀ ਕਿ ਮਾਮਲੇ ਦੀ ਸੁਣਵਾਈ 9 ਮਾਰਚ ਭਾਵ ਸੋਮਵਾਰ ਨੂੰ ਕੀਤੀ ਜਾਵੇ ਪਰ ਸੁਪਰੀਮ ਕੋਰਟ ਨੇ ਜਲਦ ਸੁਣਵਾਈ ਤੋਂ ਇਨਕਾਰ ਕਰ ਦਿੱਤਾ। ਦੋਸ਼ੀ ਮੁਕੇਸ਼ ਦੇ ਵਕੀਲ ਐੱਮ.ਐੱਲ ਸ਼ਰਮਾ ਮੁਤਾਬਕ ਸੁਪਰੀਮ ਕੋਰਟ 16 ਮਾਰਚ ਨੂੰ ਸੁਣਵਾਈ ਕਰੇਗਾ।
ਦੱਸ ਦੇਈਏ ਕਿ ਮੁਕੇਸ਼ ਨੇ ਆਪਣੀ ਪਟੀਸ਼ਨ ’ਚ ਕਿਹਾ ਹੈ ਕਿ ਇਸ ਮੁਕੱਦਮੇ ’ਚ ਅਦਾਲਤ ਵੱਲੋਂ ਨਿਯੁਕਤ ਵਕੀਲ ਵਰਿੰਦਾ ਗਰੋਵਰ ਨੇ ਉਸ ’ਤੇ ਦਬਾਅ ਪਾ ਕੇ ਉਸਦੀ ਕਿਊਰੇਟਿਵ ਪਟੀਸ਼ਨ ਛੇਤੀ ਦਾਖਲ ਕਰਵਾਈ ਹੈ, ਜਦਕਿ ਇਹ ਪਟੀਸ਼ਨ ਦਾਇਰ ਕਰਨ ਲਈ ਕਾਫ਼ੀ ਸਮਾਂ ਬਚਿਆ ਸੀ। ਐੱਮ.ਐੱਲ. ਸ਼ਰਮਾ ਮੁਤਾਬਕ ਕਿਊਰੇਟਿਵ ਪਟੀਸ਼ਨ ਦਾਇਰ ਕਰਨ ਦੀ ਮਿਆਦ 3 ਸਾਲ ਦੀ ਸੀ, ਜਿਸ ਦੀ ਜਾਣਕਾਰੀ ਮੁਕੇਸ਼ ਨੂੰ ਨਹੀਂ ਦਿੱਤੀ ਗਈ। ਇਸ ਲਈ ਮੁਕੇਸ਼ ਨੂੰ ਨਵੇਂ ਸਿਰਿਓ ਕਿਊਰੇਟਿਵ ਪਟੀਸ਼ਨ ਅਤੇ ਦਯਾ ਪਟੀਸ਼ਨ ਦਾਖਲ ਕਰਨ ਦਾ ਮੌਕਾ ਜੁਲਾਈ 2021 ਤੱਕ ਦਿੱਤਾ ਜਾਵੇ।
ਜ਼ਿਕਰਯੋਗ ਹੈ ਕਿ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਵੀਰਵਾਰ ਨੂੰ ਨਿਰਭਯਾ ਦੇ ਚਾਰੇ ਦੋਸ਼ੀਆਂ ਖਿਲਾਫ ਨਵਾਂ ਡੈੱਥ ਵਾਰੰਟ ਜਾਰੀ ਕੀਤੀ ਹੈ, ਜਿਸ ਮੁਤਾਬਕ ਦੋਸ਼ੀਆਂ ਨੂੰ ਹੁਣ 20 ਮਾਰਚ ਦੀ ਸਵੇਰੇ 5.30 ਵਜੇ ਫਾਂਸੀ ਦਿੱਤੀ ਜਾਵੇਗੀ। ਉਨ੍ਹਾਂ ਖਿਲਾਫ ਚੌਥੀ ਵਾਰ ਡੈੱਥ ਵਾਰੰਟ ਜਾਰੀ ਕੀਤਾ ਗਿਆ ਹੈ।
ਪੜ੍ਹੋ ਇਹ ਵੀ: ਫਾਂਸੀ ਤੋਂ ਬਚਣ ਲਈ ਨਿਰਭਯਾ ਦੇ ਦੋਸ਼ੀ ਨੇ ਫਿਰ ਖੇਡਿਆ ਨਵਾਂ ਪੈਂਤੜਾ, ਕੀਤੀ ਇਹ ਮੰਗ