ਨਿਰਭਯਾ ਮਾਮਲਾ: ਹੁਣ ਦੋਸ਼ੀ ਅਕਸ਼ੈ ਦੀ ਪਤਨੀ ਨੇ ਖੇਡੀ ਕਾਨੂੰਨੀ ਚਾਲ

Tuesday, Mar 17, 2020 - 06:04 PM (IST)

ਔਰੰਗਾਬਾਦ—ਦਿੱਲੀ ਦੇ ਚਰਚਿਤ ਨਿਰਭਯਾ ਕਾਂਡ ਦੇ ਦੋਸ਼ੀ ਬਿਹਾਰ ਦੇ ਲਹੰਗ ਕਰਮਾ ਪਿੰਡ ਦੇ ਰਹਿਣ ਵਾਲੇ ਅਕਸ਼ੈ ਠਾਕੁਰ ਦੀ ਪਤਨੀ ਨੇ ਹੁਣ ਆਪਣੇ ਪਤੀ ਨੂੰ ਫਾਂਸੀ ਤੋਂ ਬਚਾਉਣ ਲਈ ਕਾਨੂੰਨੀ ਦਾਅ ਪੇਚ ਖੇਡਿਆ ਹੈ। ਦਰਅਸਲ ਦੋਸ਼ੀ ਦੀ ਪਤਨੀ ਨੇ ਔਰੰਗਾਬਾਦ ਪਰਿਵਾਰ ਅਦਾਲਤ ਦੇ ਜੱਜ ਰਾਮਲਾਲ ਸ਼ਰਮਾ ਦੀ ਅਦਾਲਤ 'ਚ ਤਲਾਕ ਦੀ ਅਰਜ਼ੀ ਦਿੱਤੀ ਹੈ ਤੇ ਕਿਹਾ ਹੈ ਕਿ ਮੈਂ ਉਸ ਦੀ ਵਿਧਵਾ ਦੇ ਰੂਪ 'ਚ ਜੀਵਨ ਨਹੀਂ ਜੀਅ ਸਕਦੀ।

ਦਰਅਸਲ ਅਕਸ਼ੈ ਦੀ ਪਤਨੀ ਸੁਨੀਤਾ ਨੇ ਅਦਾਲਤ 'ਚ ਦਿੱਤੀ ਗਈ ਆਪਣੀ ਅਰਜ਼ੀ 'ਚ ਕਿਹਾ ਹੈ ਕਿ ਉਸ ਦੇ ਪਤੀ ਨੂੰ ਨਿਰਭਯਾ ਦੇ ਜ਼ਬਰ ਜਨਾਹ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਆ ਹੈ ਤੇ ਕੋਰਟ ਦੇ ਫ਼ੈਸਲੇ ਤੋਂ ਬਾਅਦ ਹੁਣ ਫਾਂਸੀ ਦਿੱਤੀ ਜਾਣੀ ਹੈ। ਇਸ ਦੇ ਨਾਲ ਦੋਸ਼ੀ ਨੇ ਪਤਨੀ ਨੇ ਇਹ ਵੀ ਕਿਹਾ ਹੈ ਕਿ ਉਸ ਦਾ ਪਤੀ ਨਿਰਦੋਸ਼ ਹੈ, ਅਜਿਹੇ 'ਚ ਮੈਂ ਉਸ ਦੀ ਵਿਧਵਾ ਬਣ ਕੇ ਨਹੀਂ ਰਹਿਣਾ ਚਾਹੁੰਦੀ।''

ਵਕੀਲ ਨੇ ਕਿਹਾ-ਪਤਨੀ ਦਾ ਇਹ ਅਧਿਕਾਰ ਬਣਦਾ ਹੈ
ਉੱਥੇ ਹੀ ਅਕਸ਼ੈ ਠਾਕੁਰ ਦੀ ਪਤਨੀ ਦੇ ਵਕੀਲ ਮੁਕੇਸ਼ ਕਮਾਰ ਸਿੰਘ ਨੇ ਦੱਸਿਆ ਕਿ ਪੀੜਤ ਔਰਤ ਨੂੰ ਕਾਨੂੰਨੀ ਅਧਿਕਾਰ ਹੈ ਕਿ ਉਹ ਹਿੰਦੂ ਵਿਆਹ ਐਕਟ 13(2)(99) ਤਹਿਤ ਕੁਝ ਖਾਸ ਮਾਮਲਿਆਂ 'ਚ ਤਲਾਕ ਦਾ ਅਧਿਕਾਰ ਲੈ ਸਕਦੀ ਹੈ।ਇਸ 'ਚ ਜ਼ਬਰ ਜਨਾਹ ਦਾ ਮਾਮਲਾ ਵੀ ਸ਼ਾਮਲ ਹੈ।ਕਾਨੂੰਨ ਮੁਤਾਬਿਕ ਜੇਕਰ ਜ਼ਬਰ ਜਨਾਹ ਦੇ ਮਾਮਲੇ 'ਚ ਕਿਸੇ ਔਰਤ ਦੇ ਪਤੀ ਨੂੰ ਦੋਸ਼ੀ ਠਹਿਰਾ ਦਿੱਤਾ ਜਾਂਦਾ ਹੈ ਤਾਂ ਉਹ ਤਲਾਕ ਲਈ ਅਰਜ਼ੀ ਦੇ ਸਕਦੀ ਹੈ।

ਇਸ ਤੋਂ ਪਹਿਲਾਂ ਮੁਕੇਸ਼ ਨੇ ਇਕ ਵਾਰ ਫਿਰ ਨਵਾਂ ਪੈਤੜਾ ਖੇਡਦੇ ਹੋਏ ਫਿਰ ਅਦਾਲਤ 'ਚ ਆਪਣੀ ਪਟੀਸ਼ਨ ਦਾਇਰ ਕੀਤੀ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਨਿਰਭਯਾ ਦੇ ਨਾਲ ਜਿਸ ਦਿਨ ਦਰਿੰਦਗੀ ਦੀ ਇਹ ਘਟਨਾ ਵਾਪਰੀ ਸੀ, ਉਸ ਦਿਨ ਉਹ ਦਿੱਲੀ 'ਚ ਨਹੀਂ ਸੀ, ਲਿਹਾਜ਼ਾ ਫਾਂਸੀ ਦੀ ਸਜ਼ਾ ਰੱਦ ਕੀਤੀ ਜਾਵੇ। ਇਸ ਦੇ ਨਾਲ ਬੀਤੇ ਦਿਨ ਸੋਮਵਾਰ (16 ਮਾਰਚ 2020) ਨੂੰ ਚਾਰੇ ਦੋਸ਼ੀਆਂ 'ਚੋਂ 3 ਦੋਸ਼ੀਆਂ- ਅਕਸ਼ੈ, ਪਵਨ ਅਤੇ ਵਿਨੇ ਨੇ ਫਾਂਸੀ ਦੀ ਸਜ਼ਾ 'ਤੇ ਰੋਕ ਲਾਉਣ ਲਈ ਕੌਮਾਂਤਰੀ ਅਦਾਲਤ (ਆਈ. ਸੀ. ਜੇ.) ਯਾਨੀ ਕਿ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਰੁਖ਼ ਕੀਤਾ ਹੈ। ਦੋਸ਼ੀਆਂ ਨੇ ਨਵੀਂ ਚਾਲ ਚੱਲਦੇ ਹੋਏ ਕੌਮਾਂਤਰੀ ਅਦਾਲਤ ਤੋਂ ਆਪਣੀ ਮੌਤ ਦੀ ਸਜ਼ਾ 'ਤੇ ਰੋਕ ਲਾਉਣ ਦੀ ਪਟੀਸ਼ਨ ਦਾਇਰ ਕੀਤੀ ਹੈ।

ਇੱਥੇ ਦੱਸ ਦੇਈਏ ਕਿ ਨਿਰਭਯਾ ਕੇਸ ਦੇ ਚਾਰੇ ਦੋਸ਼ੀਆਂ ਦੇ ਕਾਨੂੰਨੀ ਬਦਲ ਲੱਗਭਗ ਖਤਮ ਹੋ ਚੁੱਕੇ ਹਨ ਅਤੇ ਬੀਤੇ ਦਿਨੀਂ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦਰਿੰਦਿਆਂ ਨੂੰ 20 ਮਾਰਚ 2020 ਨੂੰ ਸਵੇਰੇ 5.30 ਵਜੇ ਫਾਂਸੀ ਦੇਣ ਲਈ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਡੈੱਥ ਵਾਰੰਟ 'ਤੇ 3 ਵਾਰ ਰੋਕ ਲੱਗ ਚੁੱਕੀ ਹੈ। ਅਜਿਹਾ ਇਸ ਲਈ ਕਿਉਂਕਿ ਦਰਿੰਦੇ ਫਾਂਸੀ ਤੋਂ ਬਚਣ ਲਈ ਇਕ ਤੋਂ ਬਾਅਦ ਇਕ ਨਵੀਂ ਚਾਲ ਚੱਲਦੇ ਹਨ। ਹਾਲਾਂਕਿ ਉਨ੍ਹਾਂ ਵਲੋਂ ਅਪਣਾਏ ਗਏ ਸਾਰੇ ਪੈਂਤੜੇ ਫੇਲ ਸਾਬਤ ਹੋ ਰਹੇ ਹਨ। 

ਇਹ ਵੀ ਪੜ੍ਹੋ:  ਨਿਰਭਯਾ ਮਾਮਲਾ: ਫਾਂਸੀ ਤੋਂ ਬਚਣ ਲਈ ਦੋਸ਼ੀ ਮੁਕੇਸ਼ ਦਾ ਨਵਾਂ ਪੈਂਤੜਾ


Iqbalkaur

Content Editor

Related News