ਜੰਮੂ ਕਸ਼ਮੀਰ 'ਚ ਡਿੱਗੇ ਬਰਫ਼ ਦੇ ਤੋਦੇ, ਲਪੇਟ 'ਚ ਆਏ ਵਿਅਕਤੀ ਦੀ ਮੌਤ

Saturday, Feb 18, 2023 - 12:43 PM (IST)

ਜੰਮੂ ਕਸ਼ਮੀਰ 'ਚ ਡਿੱਗੇ ਬਰਫ਼ ਦੇ ਤੋਦੇ, ਲਪੇਟ 'ਚ ਆਏ ਵਿਅਕਤੀ ਦੀ ਮੌਤ

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਬਰਫ਼ੀਲੇ ਤੂਫਾਨ 'ਚ ਫਸੇ 26 ਸਾਲਾ ਵਿਅਕਤੀ ਨੂੰ ਬਚਾਏ ਜਾਣ ਤੋਂ ਬਾਅਦ ਵੀ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਸ਼ੁੱਕਰਵਾਰ ਦੁਪਹਿਰ 3.15 ਵਜੇ ਚੋਂਤਵਾਰੀ ਮਾਛਿਲ ਦੇ ਉੱਪਰੀ ਇਲਾਕੇ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਵਾਪਰੀ। ਜਦੋਂ ਇਕ ਨਵਾਂ ਵਿਆਹਿਆ ਜੋੜਾ ਏਜਾਜ਼ ਅਹਿਮਦ ਤਾਂਤਰੇ ਅਤੇ ਜ਼ਰੀਨਾ ਫਸ ਗਏ। ਦੋਹਾਂ ਦਾ ਦਸੰਬਰ 2022 'ਚ ਵਿਆਹ ਹੋਇਆ ਸੀ। ਫ਼ੌਜ ਦੇ ਅਧਿਕਾਰੀਆਂ ਨੇ ਕਿਹਾ,''ਨਵਾਂ ਵਿਆਹਿਆ ਜੋੜਾ ਆਪਣੇ ਪਿੰਡ ਪਰਤ ਰਿਹਾ ਸੀ, ਉਦੋਂ ਬਰਫ਼ ਦੇ ਤੋਦੇ ਡਿੱਗਣ ਕਾਰਨ ਉਹ ਇਸ ਦੀ ਲਪੇਟ 'ਚ ਆ ਗਏ। ਜ਼ਰੀਨਾ ਬੇਗਮ ਵਾਲ-ਵਾਲ ਬਚ ਗਈ, ਜਦੋਂ ਕਿ ਏਜਾਜ਼ 10-15 ਫੁੱਟ ਬਰਫ਼ ਹੇਠਾਂ ਦੱਬ ਗਿਆ।

ਉਨ੍ਹਾਂ ਕਿਹਾ ਕਿ ਫ਼ੌਜ ਦੇ ਇਕ ਗਸ਼ਤੀ ਦਲ ਨੇ ਇਸ ਘਟਨਾ ਨੂੰ ਦੇਖਿਆ ਅਤੇ ਤੁਰੰਤ ਬਚਾਅ ਮੁਹਿੰਮ ਸ਼ੁਰੂ ਕੀਤੀ ਅਤੇ ਐਡੀਸ਼ਨਲ ਫ਼ੋਰਸ ਵੀ ਬੁਲਾਈ। ਐਡੀਸ਼ਨਲ ਫ਼ੋਰਸ ਬਰਫ਼ਬਾਰੀ ਬਚਾਅ ਦਲ, ਪੁਲਸ ਸਿਵਲ ਮੈਡੀਕਲ ਟੀਮ ਅਤੇ ਸਥਾਨਕ ਲੋਕ ਤੁਰੰਤ ਹਾਦਸੇ ਵਾਲੀ ਜਗ੍ਹਾ ਪਹੁੰਚੇ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਫ਼ੌਜ ਦੀ ਤਿਰੰਗਾ ਮਾਊਂਟੇਨ ਰੈਸਕਿਊ ਟੀਮ, ਆਰਮੀ ਮੈਡੀਕਲ ਟੀਮ ਅਤੇ ਐਡਵਾਂਸਡ ਲਾਈਟ ਹੈਲੀਕਾਪਟਰ (ਏ.ਐੱਲ.ਐੱਚ.) ਵਲੋਂ ਜ਼ੈੱਡ ਗਲੀ ਤੋਂ ਐਵਲਾਂਚ ਰੈਸਕਿਊ ਡੌਗ ਮੌਕੇ 'ਤੇ ਲਿਆਂਦੇ ਗਏ। 4 ਘੰਟਿਆਂ ਦੀ ਵੱਡੇ ਪੈਮਾਨੇ 'ਤੇ ਖੋਜ ਅਤੇ ਬਚਾਅ ਮੁਹਿੰਮ ਤੋਂ ਬਾਅਦ ਏਜਾਜ਼ ਨੂੰ ਸ਼ਾਮ ਕਰੀਬ 6.40 ਵਜੇ ਲੱਭ ਲਿਆ ਗਿਆ ਅਤੇ ਉਸ ਦੀ ਜ਼ਿੰਦਗੀ ਬਚਾਉਣ ਲਈ ਤੁਰੰਤ ਡਾਕਟਰੀ ਮਦਦ ਦਿੱਤੀ ਗਈ ਪਰ ਬਦਕਿਸਮਤੀ ਨਾਲ ਵਿਅਕਤੀ ਨੇ ਦਮ ਤੋੜ ਦਿੱਤਾ। ਏਜਾਜ਼ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ ਅਤੇ ਪੁਲਸ ਨੇ ਲਾਸ਼ ਨੂੰ ਅੰਤਿਮ ਸੰਸਕਾਰ ਲਈ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ।


author

DIsha

Content Editor

Related News