ਚਾਰਧਾਮ ਯਾਤਰਾ ’ਚ ਆਸਥਾ ਦਾ ਨਵਾਂ ਰਿਕਾਰਡ, ਨਵੰਬਰ ਤੱਕ ਗਿਣਤੀ 60 ਲੱਖ ਪਹੁੰਚਣ ਦਾ ਅੰਦਾਜ਼ਾ

Sunday, Sep 13, 2026 - 03:16 AM (IST)

ਚਾਰਧਾਮ ਯਾਤਰਾ ’ਚ ਆਸਥਾ ਦਾ ਨਵਾਂ ਰਿਕਾਰਡ, ਨਵੰਬਰ ਤੱਕ ਗਿਣਤੀ 60 ਲੱਖ ਪਹੁੰਚਣ ਦਾ ਅੰਦਾਜ਼ਾ

ਦੇਹਰਾਦੂਨ (ਇੰਟ.) : ਉੱਤਰਾਖੰਡ ਦੀ ਚਾਰਧਾਮ ਯਾਤਰਾ ਇਸ ਸਾਲ ਸ਼ਰਧਾਲੂਆਂ ਦੀ ਗਿਣਤੀ ਦੇ ਮਾਮਲੇ ਵਿਚ ਨਵਾਂ ਰਿਕਾਰਡ ਬਣਾਉਣ ਵੱਲ ਵਧ ਰਹੀ ਹੈ। ਯਾਤਰਾ ਦੇ ਦੂਜੇ ਪੜਾਅ ਦੇ 15 ਸਤੰਬਰ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਚਾਰਧਾਮ ਅਤੇ ਹੇਮਕੁੰਟ ਸਾਹਿਬ ਵਿਚ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ 50 ਲੱਖ 14 ਹਜ਼ਾਰ 945 ਤੱਕ ਪਹੁੰਚ ਗਈ ਹੈ। ਸੂਬਾ ਸਰਕਾਰ ਨੂੰ ਉਮੀਦ ਹੈ ਕਿ ਨਵੰਬਰ ਵਿਚ ਯਾਤਰਾ ਦੀ ਸਮਾਪਤੀ ਤੱਕ ਇਹ ਅੰਕੜਾ 60 ਲੱਖ ਦੇ ਲਗਭਗ ਪਹੁੰਚ ਸਕਦਾ ਹੈ।

ਬਦਰੀਨਾਥ ਧਾਮ ’ਚ ਸਭ ਤੋਂ ਵੱਧ ਸ਼ਰਧਾਲੂ

ਸੈਰ-ਸਪਾਟਾ ਵਿਭਾਗ ਦੇ ਅੰਕੜਿਆਂ ਮੁਤਾਬਕ ਇਸ ਸਾਲ ਹੁਣ ਤੱਕ ਸਭ ਤੋਂ ਵੱਧ ਸ਼ਰਧਾਲੂ ਬਦਰੀਨਾਥ ਧਾਮ ਪਹੁੰਚੇ ਹਨ। ਇੱਥੇ 17 ਲੱਖ 22 ਹਜ਼ਾਰ 908 ਸ਼ਰਧਾਲੂਆਂ ਨੇ ਭਗਵਾਨ ਬਦਰੀਨਾਥ ਦੇ ਦਰਸ਼ਨ ਕੀਤੇ ਹਨ। ਇਸ ਤੋਂ ਬਾਅਦ ਕੇਦਾਰਨਾਥ ਧਾਮ ਵਿਚ 14 ਲੱਖ 92 ਹਜ਼ਾਰ 47 ਤੀਰਥ ਯਾਤਰੀਆਂ ਨੇ ਮੱਥਾ ਟੇਕਿਆ ਹੈ। ਦੋਵਾਂ ਪ੍ਰਮੁੱਖ ਧਾਮਾਂ ਵਿਚ ਸ਼ਰਧਾਲੂਆਂ ਦੀ ਭਾਰੀ ਭੀੜ ਲਗਾਤਾਰ ਬਣੀ ਹੋਈ ਹੈ।

ਇਹ ਵੀ ਪੜ੍ਹੋ : BRICS Summit: PM ਮੋਦੀ ਨੇ ਸ਼ੀ ਜਿਨਪਿੰਗ ਨੂੰ ਦਿੱਤੇ 3 'ਮਿਊਚਲ' ਮੰਤਰ, 50 ਮਿੰਟ ਤੱਕ ਹੋਈ ਦੁਵੱਲੀ ਗੱਲਬਾਤ

ਗੰਗੋਤਰੀ ਤੇ ਯਮੁਨੋਤਰੀ ’ਚ ਵੀ ਵਧੀ ਆਸਥਾ

ਚਾਰਧਾਮ ਯਾਤਰਾ ਦੇ ਹੋਰ ਪ੍ਰਮੁੱਖ ਪੜਾਵਾਂ ਉੱਤੇ ਵੀ ਸ਼ਰਧਾਲੂਆਂ ਦੀ ਚੰਗੀ ਗਿਣਤੀ ਦਰਜ ਕੀਤੀ ਗਈ ਹੈ। ਗੰਗੋਤਰੀ ਧਾਮ ਵਿਚ ਹੁਣ ਤੱਕ 7 ਲੱਖ 81 ਹਜ਼ਾਰ 705 ਸ਼ਰਧਾਲੂ ਪਹੁੰਚੇ ਹਨ। ਇਸੇ ਤਰ੍ਹਾਂ ਯਮੁਨੋਤਰੀ ਧਾਮ ਵਿਚ 7 ਲੱਖ 855 ਤੀਰਥ ਯਾਤਰੀਆਂ ਨੇ ਦਰਸ਼ਨ ਕੀਤੇ ਹਨ। ਅੰਕੜੇ ਦੱਸਦੇ ਹਨ ਕਿ ਚਾਰਾਂ ਧਾਮਾਂ ਵਿਚ ਇਸ ਵਾਰ ਸ਼ਰਧਾਲੂਆਂ ਦੀ ਆਵਾਜਾਈ ਲਗਾਤਾਰ ਬਣੀ ਹੋਈ ਹੈ।

ਸ੍ਰੀ ਹੇਮਕੁੰਟ ਸਾਹਿਬ ’ਚ ਵੀ ਬਣਿਆ ਨਵਾਂ ਰਿਕਾਰਡ

ਚਾਰਧਾਮ ਯਾਤਰਾ ਦੇ ਨਾਲ ਹੀ ਸ੍ਰੀ ਹੇਮਕੁੰਟ ਸਾਹਿਬ ਵਿਚ ਵੀ ਸ਼ਰਧਾਲੂਆਂ ਦੀ ਗਿਣਤੀ ਨੇ ਨਵਾਂ ਰਿਕਾਰਡ ਬਣਾਇਆ ਹੈ। ਹੁਣ ਤੱਕ 3 ਲੱਖ 17 ਹਜ਼ਾਰ 430 ਸਿੱਖ ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਵਿਚ ਨਤਮਸਤਕ ਹੋ ਚੁੱਕੇ ਹਨ। ਇਹ ਹੁਣ ਤੱਕ ਦਾ ਸਭ ਤੋਂ ਉੱਚਾ ਅੰਕੜਾ ਦੱਸਿਆ ਜਾ ਰਿਹਾ ਹੈ। ਮਾਨਸੂਨ ਤੋਂ ਬਾਅਦ ਯਾਤਰਾ ਵਿਚ ਤੇਜ਼ੀ ਆਉਣ ਨਾਲ ਇੱਥੇ ਵੀ ਸ਼ਰਧਾਲੂਆਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ।

PunjabKesari

15 ਸਤੰਬਰ ਤੋਂ ਬਾਅਦ ਵਧੇਗੀ ਯਾਤਰੀਆਂ ਦੀ ਭੀੜ

ਮਾਨਸੂਨ ਦੇ ਵਿਦਾ ਹੋਣ ਦੇ ਨਾਲ ਹੀ 15 ਸਤੰਬਰ ਤੋਂ ਚਾਰਧਾਮ ਯਾਤਰਾ ਦੇ ਦੂਜੇ ਪੜਾਅ ਵਿਚ ਤੇਜ਼ੀ ਆਉਣ ਦੀ ਉਮੀਦ ਹੈ। ਮੌਸਮ ਵਿਚ ਸੁਧਾਰ ਹੋਣ ’ਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਪਹਾੜਾਂ ਦਾ ਰੁਖ਼ ਕਰ ਸਕਦੇ ਹਨ। ਇਸ ਕਾਰਨ ਪ੍ਰਸ਼ਾਸਨ ਦੇ ਸਾਹਮਣੇ ਯਾਤਰੀਆਂ ਦੀ ਵਧਦੀ ਗਿਣਤੀ ਦੇ ਨਾਲ-ਨਾਲ ਸੜਕਾਂ ਉੱਤੇ ਆਵਾਜਾਈ ਨੂੰ ਸੁਚਾਰੂ ਬਣਾਈ ਰੱਖਣ ਦੀ ਚੁਣੌਤੀ ਵੀ ਰਹੇਗੀ।

ਜ਼ਮੀਨ ਖਿਸਕਣ ਵਾਲੇ ਰਸਤੇ ਬਣਨਗੇ ਵੱਡੀ ਚੁਣੌਤੀ

ਰਿਸ਼ੀਕੇਸ਼ ਤੋਂ ਬਦਰੀਨਾਥ ਤੇ ਕੇਦਾਰਨਾਥ ਜਾਣ ਵਾਲੇ ਰਸਤਿਆਂ ਉੱਤੇ ਕਈ ਥਾਵਾਂ ਜ਼ਮੀਨ ਖਿਸਕਣ ਦੇ ਨਜ਼ਰੀਏ ਤੋਂ ਸੰਵੇਦਨਸ਼ੀਲ ਹਨ। ਬਦਰੀਨਾਥ ਰਾਜਮਾਰਗ ਉੱਤੇ ਕਮੇੜਾ, ਪਾਰਥਦੀਪ, ਮੈਠਾਣਾ, ਬਾਂਜਪੁਰ, ਬਿਰਹੀ, ਭਾਨੇਰਪਾਨੀ ਤੇ ਹਾਥੀ ਪਹਾੜ ਵਰਗੀਆਂ ਥਾਵਾਂ ਦੀ ਪਛਾਣ ਸੰਵੇਦਨਸ਼ੀਲ ਬਿੰਦੂਆਂ ਦੇ ਰੂਪ ਵਿਚ ਕੀਤੀ ਗਈ ਹੈ। ਮੀਂਹ ਦੌਰਾਨ ਇਨ੍ਹਾਂ ਥਾਵਾਂ ਉੱਤੇ ਮਲਬਾ ਆਉਣ ਨਾਲ ਆਵਾਜਾਈ ਪ੍ਰਭਾਵਿਤ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।

ਰਸਤੇ ਖੁੱਲ੍ਹੇ ਰੱਖਣਾ ਸਰਕਾਰ ਦੀ ਪਹਿਲ

ਲੋਕ ਨਿਰਮਾਣ ਵਿਭਾਗ ਦਾ ਕਹਿਣਾ ਹੈ ਕਿ ਸਰਗਰਮ ਤੌਰ ’ਤੇ ਜ਼ਮੀਨ ਖਿਸਕਣ ਵਾਲੀਆਂ ਥਾਵਾਂ ’ਤੇ ਮਲਬਾ ਹਟਾਉਣ ਅਤੇ ਆਰਜ਼ੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਯਾਤਰਾ ਮਾਰਗਾਂ ਉੱਤੇ ਕਿਸੇ ਤਰ੍ਹਾਂ ਦੀ ਵੱਡੀ ਰੁਕਾਵਟ ਨਾ ਆਵੇ ਅਤੇ ਸ਼ਰਧਾਲੂਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News