ਨਵੇਂ ਸੰਸਦ ਭਵਨ ਦੀ ਤਸਵੀਰ ਆਈ ਸਾਹਮਣੇ, ਲੋਕਸਭਾ 'ਚ ਹੋਣਗੀਆਂ 800 ਤੋਂ ਜ਼ਿਆਦਾ ਸੀਟਾਂ
Saturday, Dec 05, 2020 - 07:57 PM (IST)
ਨਵੀਂ ਦਿੱਲੀ - ਅੰਗਰੇਜਾਂ ਦੇ ਸਮੇਂ ਵਿੱਚ ਬਣਿਆ ਭਾਰਤ ਦਾ ਸੰਸਦ ਭਵਨ ਹੁਣ ਸਿਰਫ ਇਤਿਹਾਸ ਵਿੱਚ ਰਹਿ ਜਾਵੇਗਾ। ਮੌਜੂਦਾ ਸਮੇਂ ਵਿੱਚ ਸੰਸਦ ਭਵਨ ਦੇ ਕੋਲ ਨਵੇਂ ਸੰਸਦ ਭਵਨ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਨਵਾਂ ਸੰਸਦ ਭਵਨ ਕਿਸ ਤਰ੍ਹਾਂ ਦਾ ਹੋਵੇਗਾ, ਇਸ ਦੀ ਤਸਵੀਰ ਵੀ ਸਾਹਮਣੇ ਆ ਗਈ ਹੈ। 971 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਨਵੇਂ ਸੰਸਦ ਭਵਨ ਦਾ ਭੂਮੀ ਪੂਜਨ 10 ਦਸੰਬਰ ਨੂੰ ਦੁਪਹਿਰ 1 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਜਾਵੇਗਾ। ਲੋਕਸਭਾ ਦੇ ਪ੍ਰਧਾਨ ਓਮ ਬਿਰਲਾ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਓਮ ਬਿਰਲਾ ਨੇ ਕਿਹਾ ਕਿ ਇਹ ਫ਼ੈਸਲਾ ਲਿਆ ਗਿਆ ਹੈ ਕਿ ਨਵੇਂ ਸੰਸਦ ਭਵਨ ਦਾ ਨੀਂਹ ਪੱਥਰ ਸਮਾਰੋਹ 10 ਦਸੰਬਰ ਨੂੰ ਦੁਪਹਿਰ 1 ਵਜੇ ਆਯੋਜਿਤ ਕੀਤਾ ਜਾਵੇਗਾ। ਸਮਾਰੋਹ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਵੱਲੋਂ ਭੂਮੀ ਪੂਜਨ ਨਾਲ ਹੋਵੇਗੀ। ਇਸ ਤੋਂ ਪਹਿਲਾਂ ਓਮ ਬਿਰਲਾ ਨੇ ਪੀ.ਐੱਮ. ਮੋਦੀ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਭੂਮੀ ਪੂਜਨ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਬਣਨ ਲਈ ਸੱਦਾ ਦਿੱਤਾ।
ਓਮ ਬਿਰਲਾ ਨੇ ਕਿਹਾ ਕਿ ਨਵਾਂ ਸੰਸਦ ਭਵਨ ਸਵੈ-ਨਿਰਭਰ ਭਾਰਤ ਦਾ ਇੱਕ ਅਜਿਹਾ ਮੰਦਰ ਹੋਵੇਗਾ ਜੋ ਰਾਸ਼ਟਰ ਦੀ ਵਿਭਿੰਨਤਾ ਨੂੰ ਦਰਸ਼ਾਏਗਾ। ਇਹ ਪੁਰਾਣੇ ਸੰਸਦ ਭਵਨ ਤੋਂ 17,000 ਵਰਗ ਮੀਟਰ ਵੱਡਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨੂੰ 971 ਕਰੋੜ ਰੁਪਏ ਦੀ ਲਾਗਤ ਨਾਲ 64,500 ਵਰਗ ਮੀਟਰ ਖੇਤਰ ਵਿੱਚ ਬਣਾਇਆ ਜਾਵੇਗਾ। ਟਾਟਾ ਪ੍ਰੋਜੈਕਟਸ ਲਿਮਟਿਡ ਨੂੰ ਨਵੇਂ ਸੰਸਦ ਭਵਨ ਦੇ ਨਿਰਮਾਣ ਦਾ ਠੇਕਾ ਦਿੱਤਾ ਗਿਆ ਹੈ। ਲੋਕਸਭਾ ਪ੍ਰਧਾਨ ਨੇ ਕਿਹਾ ਕਿ ਡਿਜ਼ਾਈਨ ਐੱਚ.ਸੀ.ਪੀ. ਡਿਜ਼ਾਈਨ, ਪਲਾਨਿੰਗ ਐਂਡ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਨੇ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਅਸੀਂ ਨਵੇਂ ਸੰਸਦ ਭਵਨ ਵਿੱਚ ਦੋਨਾਂ ਸਦਨਾਂ ਦੇ ਸੈਸ਼ਨ ਦੀ ਸ਼ੁਰੂਆਤ ਕਰਨਗੇ। ਨਵੇਂ ਸੰਸਦ ਭਵਨ ਵਿੱਚ ਲੋਕਸਭਾ ਮੈਬਰਾਂ ਲਈ ਲੱਗਭੱਗ 888 ਸੀਟਾਂ ਅਤੇ ਰਾਜ ਸਭਾ ਮੈਬਰਾਂ ਲਈ 326 ਤੋਂ ਜ਼ਿਆਦਾ ਸੀਟਾਂ ਹੋਣਗੀਆਂ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।