ਰਾਹਤ ਭਰੀ ਖ਼ਬਰ : ਦਿੱਲੀ ਸਥਿਤ ਹਿਮਾਚਲ ਭਵਨ ਦੇ ਚਾਰੇ ਕਾਮਿਆਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
Friday, Jun 12, 2020 - 08:21 PM (IST)

ਸ਼ਿਮਲਾ- ਨਵੀਂ ਦਿੱਲੀ ਸਥਿਤ ਹਿਮਾਚਲ ਭਵਨ ਦੇ ਉਨ੍ਹਾਂ ਚਾਰੇ ਕਾਮਿਆਂ ਦੀ ਕੋਰੋਨਾ ਜਾਂਚ ਰਿਪੋਰਟ ਨੈਗੇਟਿਵ ਆਈ ਹੈ, ਜਿਨ੍ਹਾਂ ਦੇ ਸੈਂਪਲ ਭਵਨ ਦੇ ਇਕ ਕਲਰਕ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਲਏ ਗਏ ਸਨ। ਭਵਨ ਦੇ ਰਿਹਾਇਸ਼ੀ ਡਿਪਟੀ ਕਮਿਸ਼ਨਰ ਵਿਵੇਕ ਮਹਾਜਨ ਨੇ ਦੱਸਿਆ ਕਿ ਚਾਰੇ ਕਾਮਿਆਂ ਦਾ ਸਰਕਾਰੀ ਕੇਂਦਰ 'ਚ ਟੈਸਟ ਕਰਵਾਇਆ ਗਿਆ ਸੀ। ਕੁਝ ਦਿਨ ਪਹਿਲਾਂ ਰਿਹਾਇਸ਼ੀ ਕਮਿਸ਼ਨਰ ਦਫ਼ਤਰ ਦਾ ਇਕ ਕਲਰਕ ਅਤੇ ਉਸ ਦੀ ਪਤਨੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਕਲਰਕ ਅਤੇ ਉਸ ਦੀ ਪਤਨੀ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਤੋਂ ਬਾਅਦ ਕਲਰਕ ਨੂੰ ਛੁੱਟੀ ਦੇ ਦਿੱਤੀ ਗਈ ਅਤੇ ਉਹ ਮੌਜੂਦਾ ਸਮੇਂ ਘਰ 'ਚ ਕੁਆਰੰਟੀਨ ਹੈ, ਜਦੋਂ ਕਿ ਉਸ ਦੀ ਪਤਨੀ ਹਾਲੇ ਵੀ ਹਸਪਤਾਲ 'ਚ ਭਰਤੀ ਹੈ।
ਵਿਵੇਕ ਮਹਾਜਨ ਨੇ ਕਿਹਾ ਕਿ ਕਲਰਕ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਹਿਮਾਚਲ ਭਵਨ ਨੂੰ ਸੀਲ ਅਤੇ ਸੈਨੇਟਾਈਜ਼ ਕੀਤਾ ਗਿਆ। ਇਸ ਤੋਂ ਇਲਾਵਾ ਉਸ ਖੇਤਰ ਨੂੰ ਵੀ ਸੈਨੇਟਾਈਜ਼ ਕੀਤਾ ਗਿਆ ਹੈ, ਜਿੱਥੇ ਕਲਰਕ ਦਾ ਘਰ ਹੈ। ਉਨ੍ਹਾਂ ਦੱਸਿਆ ਕਿ ਰਿਹਾਇਸ਼ੀ ਕਮਿਸ਼ਨਰ ਦਫ਼ਤਰ ਦੇ ਇਕ ਹੋਰ ਕਲਰਕ ਦਾ ਪਿਤਾ ਵੀ ਕੋਰੋਨਾ ਪੀੜਤ ਪਾਇਆ ਗਿਆ ਹੈ, ਜਿਸ ਕਾਰਨ ਉਸ ਨੂੰ ਦਫ਼ਤਰ ਨਹੀਂ ਆਉਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਉਸ ਦੀ ਕੋਰੋਨਾ ਜਾਂਚ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਭਵਨ ਪੂਰਨ ਰੂਪ ਨਾਲ ਸੁਰੱਖਿਅਤ ਹੈ ਅਤੇ ਸਰਕਾਰ ਵਲੋਂ ਜਾਰੀ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕੀਤਾ ਜਾ ਰਿਹਾ ਹੈ।