ਦੇਸ਼ ਭਰ ''ਚ ਖੁੱਲੀਆਂ 4.5 ਕਰੋੜ ਦੁਕਾਨਾਂ
Tuesday, May 19, 2020 - 04:45 PM (IST)

ਨਵੀਂ ਦਿੱਲੀ (ਭਾਸ਼ਾ) : ਛੋਟੇ ਵਪਾਰੀਆਂ ਦੇ ਸੰਗਠਨ ਕੈਟ ਨੇ ਦਿੱਲੀ ਸਰਕਾਰ ਨੂੰ ਪੱਤਰ ਲਿਖ ਕੇ ਦੁਕਾਨਾਂ ਖੋਲ੍ਹਣ ਦੇ 'ਓਡ-ਈਵਨ' ਨਿਯਮ 'ਤੇ ਮੁੜ ਵਿਚਾਰ ਦੀ ਅਪੀਲ ਕੀਤੀ ਹੈ। ਨਾਲ ਹੀ ਜਾਣਕਾਰੀ ਦਿੱਤੀ ਕਿ ਮੰਗਲਵਾਰ ਤੱਕ ਦੇਸ਼ਭਰ ਵਿਚ ਕਰੀਬ 4.5 ਕਰੋੜ ਦੁਕਾਨਾਂ ਫਿਰ ਖੁੱਲ ਚੁੱਕੀਆਂ ਹਨ। ਨਗਰ ਨਿਗਮਾਂ ਨੂੰ ਬਾਜ਼ਾਰਾਂ ਵਿਚ ਸਾਫ਼-ਸਫਾਈ ਯਕੀਨੀ ਕਰਨ ਲਈ ਸਫਾਈ ਅਭਿਆਨ ਚਲਾਉਣਾ ਚਾਹੀਦਾ ਹੈ। ਕੈਟ (Confederation Of All India Traders) ਨੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ ਦੁਕਾਨ ਖੋਲ੍ਹਣ ਦੇ ਓਡ-ਈਵਨ ਨਿਯਮ 'ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ। ਕਿਉਂਕਿ ਇਸ ਵਿਵਸਥਾ ਨਾਲ ਦਿੱਲੀ ਵਿਚ ਮੰਗਲਵਾਰ ਨੂੰ ਸਿਰਫ 5 ਲੱਖ ਦੁਕਾਨਾਂ ਹੀ ਖੁੱਲ ਸਕੀਆਂ।
ਕੈਟ ਨੇ ਕਿਹਾ ਕਿ ਹਾਲਾਂਕਿ ਦਿੱਲੀ ਸਮੇਤ ਦੇਸ਼ਭਰ ਦੇ ਕਿਸੇ ਵੀ ਵਪਾਰਕ ਬਾਜ਼ਾਰ ਵਿਚ ਕੋਈ ਵਪਾਰ ਨਹੀਂ ਹੋਇਆ। ਕਿਉਂਕਿ ਦੁਕਾਨਦਾਰਾਂ ਨੇ ਲੰਬੀ ਮਿਆਦ ਦੇ ਲਾਕਡਾਊਨ ਦੇ ਬਾਅਦ ਦੁਕਾਨਾਂ ਖੋਲ੍ਹੀਆਂ ਹਨ ਅਤੇ ਉਹ ਸਾਫ਼-ਸਫਾਈ ਵਿਚ ਰੁੱਝੇ ਹੋਏ ਹਨ। ਕੈਟ ਨੇ ਕਿਹਾ ਕਿ ਦੁਕਾਨਾਂ 'ਤੇ ਕੰਮ ਕਰਨ ਵਾਲੇ ਨੌਕਰਾਂ ਦੀ ਵੀ ਕਮੀ ਹੈ, ਕਿਉਂਕਿ 70 ਫ਼ੀਸਦੀ ਤੋਂ ਜ਼ਿਆਦਾ ਕਰਮਚਾਰੀ ਆਪਣੇ ਮੂਲ ਨਿਵਾਸ ਸਥਾਨਾਂ ਵੱਲ ਪਰਤ ਚੁੱਕੇ ਹਨ। ਕੈਟ ਦੇ ਜਨਰਲ ਸਕੱਤਰ ਪਰਵੀਨ ਖੰਡੇਲਵਾਲ ਨੇ ਕਿਹਾ, '' ਦਿੱਲੀ ਵਿਚ ਜ਼ਿਆਦਾਤਰ ਵਪਾਰੀ ਅਤੇ ਵਪਾਰ ਸੰਘ ਓਡ-ਈਵਨ ਫਾਰਮੂਲੇ ਦੇ ਆਧਾਰ 'ਤੇ ਦੁਕਾਨਾਂ ਖੋਲ੍ਹਣ ਦੇ ਪੱਖ ਵਿਚ ਨਹੀਂ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਇਹ ਨਿਯਮ ਦੁਕਾਨਾਂ ਨੂੰ ਪੂਰੀ ਤਰ੍ਹਾਂ ਨਾਲ ਖੋਲ੍ਹਣ ਤੋਂ ਰੋਕੇਗਾ ਅਤੇ ਇਸ ਨਾਲ ਵਪਾਰੀਆਂ ਨੂੰ ਬਹੁਤ ਪਰੇਸ਼ਾਨੀ ਹੋਵੇਗੀ। ਉਨ੍ਹਾਂ ਸੁਝਾਅ ਦਿੱਤਾ ਕਿ ਦਿੱਲੀ ਵਿਚ ਬਾਜ਼ਾਰਾਂ ਨੂੰ 10 ਹਿੱਸਿਆਂ ਵਿਚ ਵੰਡ ਦੇਣਾ ਚਾਹੀਦਾ ਹੈ। ਇਸ ਵਿਚੋਂ 5 ਹਿੱਸੇ ਦੇ ਬਾਜ਼ਾਰ ਸਵੇਰੇ 8 ਤੋਂ 1 ਵਜੇ ਤੱਕ ਅਤੇ ਬਾਕੀ 5 ਹਿੱਸੇ ਦੇ ਬਾਜ਼ਾਰ 1 ਵਜੇ ਤੋਂ ਸ਼ਾਮ 5 ਵਜੇ ਤੱਕ ਖੋਲ੍ਹੇ ਜਾ ਸਕਦੇ ਹਨ ਜਾਂ ਫਿਰ ਇਨ੍ਹਾਂ ਨੂੰ 1 ਦਿਨ ਛੱਡ ਕੇ ਇਕ ਦਿਨ ਖੋਲਿਆ ਜਾ ਸਕਦਾ ਹੈ।