ਕੈਂਸਰ ਦੇ ਨਵੇਂ ਟੀਕੇ ਬੀਮਾਰੀ ਨੂੰ ਮੁੜ ਹੋਣ ਤੋਂ ਰੋਕਣ ਲਈ ਹਨ
Sunday, Sep 14, 2025 - 10:30 PM (IST)

ਕੋਚੀ (ਭਾਸ਼ਾ)- ਕੈਂਸਰ ਦੇ ਨਵੇਂ ਟੀਕਿਆਂ ਦਾ ਮੰਤਵ ਸਿਹਤਮੰਦ ਵਿਅਕਤੀਆਂ ’ਚ ਕੈਂਸਰ ਦੀ ਸ਼ੁਰੂਆਤ ਨੂੰ ਰੋਕਣਾ ਨਹੀਂ ਸਗੋਂ ਉਨ੍ਹਾਂ ਲੋਕਾਂ ’ਚ ਕੈਂਸਰ ਨੂੰ ਦੁਬਾਰਾ ਹੋਣ ਨੂੰ ਰੋਕਣਾ ਹੈ ਜਿਨ੍ਹਾਂ ਦਾ ਪਹਿਲਾਂ ਹੀ ਬੀਮਾਰੀ ਦਾ ਇਲਾਜ ਹੋ ਚੁੱਕਾ ਹੈ। ਇਹ ਜਾਣਕਾਰੀ ਇਕ ਮੈਡੀਕਲ ਮਾਹਿਰ ਵੱਲੋਂ ਦਿੱਤੀ ਗਈ ਹੈ। ਕੇਰਲ ਸਥਿਤ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐੱਮ. ਏ.) ਦੇ ਖੋਜ ਸੈੱਲ ਦੇ ਕਨਵੀਨਰ ਤੇ ਕੋਚੀ ਸਥਿਤ ਆਈ. ਐੱਮ. ਏ. ਦੀ ਵਿਗਿਆਨਕ ਕਮੇਟੀ ਦੇ ਚੇਅਰਮੈਨ ਡਾ. ਰਾਜੀਵ ਜੈਦੇਵਨ ਨੇ ਕਿਹਾ ਕਿ ਇਹ ਇਲਾਜ ਸੰਬੰਧੀ ਕੈਂਸਰ ਦੇ ਟੀਕੇ ਹਨ ਜੋ ਪਹਿਲਾਂ ਹੀ ਕੈਂਸਰ ਤੋਂ ਪੀੜਤ ਲੋਕਾਂ ’ਚ ਬੀਮਾਰੀ ਨੂੰ ਦੁਬਾਰਾ ਹੋਣ ਤੋਂ ਰੋਕਣ ਲਈ ਬਣਾਏ ਗਏ ਹਨ। ਇਹ ਸਿਹਤਮੰਦ ਲੋਕਾਂ ’ਚ ਇਸ ਦੀ ਸ਼ੁਰੂਆਤ ਨੂੰ ਰੋਕਣ ਲਈ ਨਹੀਂ ਹਨ।
ਇਕ ਬਿਆਨ ’ਚ ਜੈਦੇਵਨ ਨੇ ਕੈਂਸਰ ਦੇ ਟੀਕੇ ਬਣਾਉਣ ਸਮੇਤ ਇਸ ਦੇ ਲਾਭਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਇਹ ਇਕ ਕਿਸਮ ਦੀ 'ਇਮਿਊਨਥੈਰੇਪੀ' ਹੈ, ਜੋ ਸਰੀਰ ਦੇ ਆਪਣੇ ਇਮਿਊਨ ਸਿਸਟਮ ਨੂੰ ਇਸ ਤਰੀਕੇ ਨਾਲ ਸਿਖਲਾਈ ਦਿੰਦੀ ਹੈ ਕਿ ਇਹ ਕੈਂਸਰ ਸੈੱਲਾਂ ਨੂੰ ਪਛਾਣ ਕੇ ਨਸ਼ਟ ਕਰ ਸਕਦੀ ਹੈ।