ਇਸ ਸਾਲ ਹੁਣ ਤੱਕ 10 ਲੱਖ ਸ਼ਰਧਾਲੂਆਂ ਨੇ ਕੀਤੇ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ
Sunday, Mar 05, 2023 - 12:45 PM (IST)
ਜੰਮੂ (ਵਾਰਤਾ)- ਜੰਮੂ ਅਤੇ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਕੱਟੜਾ ਸ਼ਹਿਰ ਦੀਆਂ ਪਹਾੜੀਆਂ 'ਚ ਸਥਿਤ ਮਾਤਾ ਵੈਸ਼ਣੋ ਦੇਵੀ ਮੰਦਰ 'ਚ ਇਸ ਸਾਲ ਹੁਣ ਤੱਕ ਲਗਭਗ 10 ਲੱਖ ਸ਼ਰਧਾਲੂਆਂ ਨੇ ਮੱਥਾ ਟੇਕਿਆ। ਅਧਿਕਾਰਤ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਦੇਸ਼ ਭਰ 'ਚ ਚੱਲ ਰਹੀਆਂ ਪ੍ਰੀਖਿਆਵਾਂ ਕਾਰਨ ਤੀਰਥ ਯਾਤਰੀਆਂ ਦੀ ਗਿਣਤੀ 'ਚ ਥੋੜ੍ਹੀ ਕਮੀ ਆਈ ਹੈ ਅਤੇ ਇਸ ਦੇ ਬਾਵਜੂਦ ਇਸ ਸਾਲ ਹੁਣ ਤੱਕ ਲਗਭਗ 10 ਲੱਖ ਸ਼ਰਧਾਲੂਆਂ ਨੇ ਗੁਫ਼ਾ ਮੰਦਰ ਦੇ ਅੰਦਰ ਕੁਦਰਤੀ ਪਿੰਡੀਆਂ ਦੀ ਪੂਜਾ ਕੀਤੀ।
ਉਨ੍ਹਾਂ ਕਿਹਾ,''ਮੌਜੂਦਾ ਸਮੇਂ 15 ਤੋਂ 20 ਹਜ਼ਾਰ ਸ਼ਰਧਾਲੂ ਹਰ ਦਿਨ ਆਧਾਰ ਕੰਪਲੈਕਸ 'ਚ ਭਵਨ ਦੀ ਯਾਤਰਾ ਲਈ ਪਹੁੰਚ ਰਹੇ ਹਨ।'' ਉਨ੍ਹਾਂ ਕਿਹਾ ਕਿ ਜਨਵਰੀ 'ਚ 5.24 ਲੱਖ ਸ਼ਰਧਾਲੂ ਅਤੇ ਫਰਵਰੀ 'ਚ 4.14 ਲੱਖ ਸ਼ਰਧਾਲੂਆਂ ਨੇ ਮੰਦਰ 'ਚ ਦਰਸ਼ਨ ਕੀਤੇ। ਸ਼ਰਾਈਨ ਬੋਰਡ ਦੇ ਇਕ ਅਧਿਕਾਰੀ ਨੇ ਕਿਹਾ ਕਿ ਤੀਰਥ ਯਾਤਰੀਆਂ ਲਈ ਮਕਰ ਸੰਕ੍ਰਾਂਤੀ 'ਤੇ ਖੋਲ੍ਹੀ ਗਈ ਪੁਰਾਣੀ ਕੁਦਰਤੀ ਗੁਫ਼ਾ ਨੂੰ ਹੋਲੀ ਤੋਂ ਬਾਅਦ ਬੰਦ ਕਰ ਦਿੱਤਾ ਜਾਵੇਗਾ।