ਨੈਕਾਂ ਤੇ ਕਾਂਗਰਸ ਵਿਚਾਲੇ ਜ਼ਿਆਦਾਤਰ ਸੀਟਾਂ ਦੀ ਵੰਡ ''ਤੇ ਬਣੀ ਸਹਿਮਤੀ : ਉਮਰ ਅਬਦੁੱਲਾ
Friday, Aug 23, 2024 - 05:20 PM (IST)
ਸ਼੍ਰੀਨਗਰ (ਭਾਸ਼ਾ)- ਨੈਸ਼ਨਲ ਕਾਨਫਰੰਸ (ਨੈਕਾਂ) ਦੇ ਉੱਪ ਪ੍ਰਧਾਨ ਉਮਰ ਅਬਦੁੱਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੰਮੂ ਕਸ਼ਮੀਰ ਦੇ ਜ਼ਿਆਦਾਤਰ ਵਿਧਾਨ ਸਭਾ ਖੇਤਰਾਂ ਨੂੰ ਲੈ ਕੇ ਕਾਂਗਰਸ ਨਾਲ ਸੀਟ ਵੰਡ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਅਤੇ ਬਾਕੀ ਸੀਟਾਂ ਨੂੰ ਲੈ ਕੇ ਆਮ ਸਹਿਮਤੀ ਬਣਾਉਣ ਲਈ ਗੱਲਬਾਤ ਜਾਰੀ ਹੈ। ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਨੇ ਵੀਰਵਾਰ ਨੂੰ ਜੰਮੂ ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਲਈ ਚੋਣਾਂ ਤੋਂ ਪਹਿਲਾਂ ਗਠਜੋੜ ਦਾ ਐਲਾਨ ਕੀਤਾ, ਜਿੱਥੇ ਅਗਸਤ 2019 'ਚ ਧਾਰਾ 370 ਰੱਦ ਹੋਣ ਤੋਂ ਬਾਅਦ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਅਬਦੁੱਲਾ ਨੇ ਦੱਖਣ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਕਿਹਾ,''ਕਾਫ਼ੀ ਹੱਦ ਤੱਕ ਸਹਿਮਤੀ ਬਣ ਗਈ ਹੈ। ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਅਸੀਂ 90 'ਚੋਂ ਜ਼ਿਆਦਾਤਰ ਸੀਟ ਨੂੰ ਲੈ ਕੇ ਆਮ ਸਹਿਮਤੀ 'ਤੇ ਪਹੁੰਚ ਗਏ ਹਾਂ।''
ਉਨ੍ਹਾਂ ਕਿਹਾ ਕਿ ਬਾਕੀ ਸੀਟ ਨੂੰ ਲੈ ਕੇ ਚਰਚਾ ਜਾਰੀ ਹੈ ਅਤੇ ਗਠਜੋੜ ਦੇ ਸਹਿਯੋਗੀ ਜਲਦ ਹੀ ਸੀਟ ਵੰਡ ਦੀ ਵਿਵਸਥਾ ਨੂੰ ਅੰਤਿਮ ਰੂਪ ਦੇਣਗੇ। ਅਬਦੁੱਲਾ ਨੇ ਕਿਹਾ,''ਕੁਝ ਸੀਟ 'ਤੇ ਅਸੀਂ ਅੜੇ ਹੋਏ ਹਾਂ ਅਤੇ ਕੁਝ ਹੋਰ 'ਤੇ ਕਾਂਗਰਸ ਦੇ ਸਥਾਨਕ ਨੇਤਾ ਅੜੇ ਹੋਏ ਹਨ। ਅੱਜ ਵੀ ਬੈਠਕਾਂ ਹੋਣਗੀਆਂ ਅਤੇ ਅਸੀਂ ਬਾਕੀ ਸੀਟ ਦੇ ਮੁੱਦੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਸਕੀਏ।'' ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਵੱਧ ਵੇਰਵਾ ਸਾਂਝਾ ਕਰਨ ਤੋਂ ਇਨਕਾਰ ਕੀਤਾ। ਅਬਦੁੱਲਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰਾਂ ਦੀ ਸੂਚੀ ਕਿਸੇ ਵੀ ਹਾਲਤ 'ਚ 27 ਅਗਸਤ ਤੱਕ ਜਾਰੀ ਕੀਤੀ ਜਾਵੇਗੀ। ਜੰਮੂ ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਤਿੰਨ ਪੜਾਵਾਂ 'ਚ 18 ਸਤੰਬਰ, 25 ਸਤੰਬਰ ਅਤੇ ਇਕ ਅਕਤੂਬਰ ਨੂੰ ਹੋਣਗੀਆਂ। ਵੋਟਾਂ ਦੀ ਗਿਣਤੀ 4 ਅਕਤੂਬਰ ਨੂੰ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8