ਇਕ ਕਰੋੜ ਰੁਪਏ ਦੇ ਇਨਾਮੀ ਸਮੇਤ 16 ਨਕਸਲੀ ਮਾਰੇ ਗਏ

Tuesday, Jan 21, 2025 - 11:11 PM (IST)

ਇਕ ਕਰੋੜ ਰੁਪਏ ਦੇ ਇਨਾਮੀ ਸਮੇਤ 16 ਨਕਸਲੀ ਮਾਰੇ ਗਏ

ਗਾਰੀਆਬੰਦ, (ਭਾਸ਼ਾ)- ਛੱਤੀਸਗੜ੍ਹ ਦੇ ਗਾਰੀਆਬੰਦ ਜ਼ਿਲੇ ’ਚ ਸੁਰੱਖਿਆ ਫੋਰਸਾਂ ਨਾਲ ਹੋਏ ਇਕ ਮੁਕਾਬਲੇ ਦੌਰਾਨ ਇਕ ਚੋਟੀ ਦੇ ਨਕਸਲੀ ਨੇਤਾ ਸਮੇਤ ਘੱਟੋ-ਘੱਟ 16 ਨਕਸਲੀ ਮਾਰੇ ਗਏ। ਪੁਲਸ ਅਧਿਕਾਰੀਆਂ ਨੇ ਮੰਗਲਵਾਰ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਸੋਮਵਾਰ 2 ਮਹਿਲਾ ਨਕਸਲੀਆਂ ਦੀ ਮੁਕਾਬਲੇ ’ਚ ਮੌਤ ਹੋ ਗਈ ਸੀ।

ਛੱਤੀਸਗੜ੍ਹ- ਓਡਿਸ਼ਾ ਦੀ ਹੱਦ ’ਤੇ ਮੈਨਪੁਰ ਥਾਣਾ ਖੇਤਰ ਅਧੀਨ ਆਉਂਦੇ ਜੰਗਲ ’ਚ ਸੋਮਵਾਰ ਦੇਰ ਰਾਤ ਫਿਰ ਮੁਕਾਬਲਾ ਹੋਇਆ। ਗਾਰੀਆਬੰਦ ਦੇ ਪੁਲਸ ਸੁਪਰਡੈਂਟ ਨਿਖਿਲ ਰਾਖੇਚਾ ਨੇ ਕਿਹਾ ਕਿ ਮ੍ਰਿਤਕਾਂ ’ਚੋਂ ਇਕ ਦੀ ਪਛਾਣ ਜੈਰਾਮ ਉਰਫ਼ ਚਲਪਤੀ ਵਜੋਂ ਹੋਈ ਹੈ, ਜੋ ਮਾਓਵਾਦੀ ਕੇਂਦਰੀ ਕਮੇਟੀ ਦਾ ਮੈਂਬਰ ਸੀ। ਉਸ ਦੇ ਸਿਰ ’ਤੇ ਇਕ ਕਰੋੜ ਰੁਪਏ ਦਾ ਇਨਾਮ ਸੀ। ਬਾਕੀ ਮਾਰੇ ਗਏ ਨਕਸਲੀਆਂ ਦੀ ਅਜੇ ਪਛਾਣ ਨਹੀਂ ਹੋ ਸਕੀ। ਇਲਾਕੇ ’ਚ ਰੁਕ-ਰੁਕ ਕੇ ਫਾਇਰਿੰਗ ਰਾਤ ਤਕ ਜਾਰੀ ਸੀ। ਮ੍ਰਿਤਕ ਨਕਸਲੀਆਂ ਦੀ ਗਿਣਤੀ ਵਧ ਸਕਦੀ ਹੈ।

ਨਕਸਲਵਾਦ ਨੂੰ ਇਕ ਹੋਰ ਵੱਡਾ ਝਟਕਾ : ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਇਹ ਕਾਰਵਾਈ ਨਕਸਲਵਾਦ ਲਈ ਇਕ ਹੋਰ ਵੱਡਾ ਝਟਕਾ ਹੈ।

ਉਨ੍ਹਾਂ ਕਿਹਾ ਕਿ ‘ਨਕਸਲ ਮੁਕਤ ਭਾਰਤ’ ਦੇ ਸੰਕਲਪ ਤੇ ਸੁਰੱਖਿਆ ਫੋਰਸਾਂ ਦੇ ਸਾਂਝੇ ਯਤਨਾਂ ਨਾਲ ਨਕਸਲਵਾਦ ਹੁਣ ਆਖਰੀ ਸਾਹ ਲੈ ਰਿਹਾ ਹੈ।

ਸ਼ਾਹ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਲਿਖਿਆ ਕਿ ਸਾਡੇ ਜਵਾਨਾਂ ਨੇ 'ਨਕਸਲ ਮੁਕਤ ਭਾਰਤ' ਬਣਾਉਣ ਦੀ ਦਿਸ਼ਾ ’ਚ ਵੱਡੀ ਸਫਲਤਾ ਹਾਸਲ ਕੀਤੀ ਹੈ।


author

Rakesh

Content Editor

Related News