ਸਿੱਧੂ ਦੀ ਕੈਬਨਿਟ 'ਚੋਂ 'ਛੁੱਟੀ' 'ਤੇ ਸਿਰਸਾ ਨੇ ਕੱਸਿਆ ਤੰਜ਼, ਜਾਣੋ ਕੀ ਬੋਲੇ (ਵੀਡੀਓ)
Saturday, Jul 20, 2019 - 02:37 PM (IST)
ਨਵੀਂ ਦਿੱਲੀ— ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਇੱਥੇ ਦੱਸ ਦੇਈਏ ਕਿ ਸਿੱਧੂ ਨੇ ਪੰਜਾਬ ਕੈਬਨਿਟ 'ਚੋਂ ਅਸਤੀਫਾ ਦੇ ਦਿੱਤਾ ਸੀ, ਜਿਸ ਨੂੰ ਕੈਪਟਨ ਵਲੋਂ ਮਨਜ਼ੂਰ ਕਰ ਲਿਆ ਗਿਆ। ਸਿੱਧੂ ਦੇ ਅਸਤੀਫੇ ਨੂੰ ਲੈ ਕੇ ਵੱਖ-ਵੱਖ ਨੇਤਾਵਾਂ ਦੇ ਬਿਆਨ ਸਾਹਮਣੇ ਆ ਰਹੇ ਹਨ। ਇਸ ਦਰਮਿਆਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਵੀ ਸਾਹਮਣੇ ਆਇਆ। ਸਿਰਸਾ ਨੇ ਤੰਜ਼ ਕੱਸਦਿਆ ਕਿਹਾ ਕਿ ਮੈਨੂੰ ਅਫਸੋਸ ਇਸ ਗੱਲ ਦਾ ਹੈ ਕਿ ਨਵਜੋਤ ਸਿੰਘ ਸਿੱਧੂ ਜਿੱਥੇ ਵੀ ਗਏ, ਉੱਥੇ ਟਿਕ ਨਹੀਂ ਸਕੇ। ਸਾਰੇ ਲੋਕ ਗਲਤ ਨਹੀਂ ਮੈਨੂੰ ਲੱਗਦਾ ਹੈ ਕਿ ਸਿੱਧੂ ਕਿਤੇ ਨਾ ਕਿਤੇ ਗਲਤ ਹਨ, ਉਨ੍ਹਾਂ ਨੂੰ ਪੜਚੋਲ ਕਰਨ ਦੀ ਲੋੜ ਹੈ। ਸੱਤਾ ਇੰਨੀ ਮਹੱਤਵਪੂਰਨ ਨਹੀਂ ਹੈ, ਜੇਕਰ ਉਨ੍ਹਾਂ ਨੂੰ ਇਕ ਵਿਭਾਗ ਮਿਲਦਾ ਹੈ ਤਾਂ ਕੰਮ ਕਰਨਾ ਚਾਹੀਦਾ ਸੀ। ਇਸ ਤੋਂ ਇੰਝ ਲੱਗਦਾ ਹੈ ਕਿ ਜਿਵੇਂ ਉਨ੍ਹਾਂ ਨੂੰ ਕੋਈ ਸੱਤਾ ਦੀ ਭੁੱਖ ਹੋਵੇ। ਸਗੋਂ ਸਾਨੂੰ ਸਮਾਜ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਇਹ ਸਿੱਧੂ ਦੀ ਸੋਚ ਹੈ ਕਿ ਉਨ੍ਹਾਂ ਨੇ ਕਿਸ ਸੋਚ ਦੇ ਚੱਲਦਿਆ ਅਜਿਹਾ ਕੀਤਾ ਹੈ। ਪਰ ਇਕ ਗੱਲ ਸਮਝ 'ਚ ਆ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਜਿੱਥੇ ਵੀ ਜਾਂਦੇ ਹਨ, ਵਿਵਾਦ ਦਾ ਹਿੱਸਾ ਬਣ ਜਾਂਦੇ ਹਨ।
ਸਿਰਸਾ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਸਿੱਧੂ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ। ਉਨ੍ਹਾਂ ਨੂੰ ਜੋ ਬਿਜਲੀ ਮਹਿਕਮਾ ਮਿਲਿਆ ਸੀ, ਇਸ ਤੋਂ ਸਭ ਤੋਂ ਵੱਡਾ ਨੁਕਸਾਨ ਜ਼ਿਮੀਂਦਾਰਾਂ ਨੂੰ ਹੋਰ ਰਿਹਾ ਸੀ। ਅੱਜ ਉਸ ਵਿਭਾਗ ਨੂੰ ਕੋਈ ਸੰਭਾਲੇਗਾ, ਆਪਣੀ ਜ਼ਿੰਮੇਵਾਰੀ ਸਮਝੇਗਾ ਜੋ ਪਿਛਲੇ ਡੇਢ ਮਹੀਨਿਆਂ ਤੋਂ ਲਵਾਰਿਸ ਸੀ। ਦੱਸਣਯੋਗ ਹੈ ਕਿ ਪੰਜਾਬ ਕੈਬਨਿਟ 'ਚ ਫੇਰਬਦਲ ਤੋਂ ਬਾਅਦ ਨਵਜੋਤ ਸਿੰਘ ਨਾਰਾਜ਼ ਸਨ। ਉਨ੍ਹਾਂ ਨੇ 15 ਜੁਲਾਈ ਪੰਜਾਬ ਕੈਬਨਿਟ 'ਚੋਂ ਅਸਤੀਫਾ ਦੇ ਦਿੱਤਾ ਸੀ। ਸਥਾਨਕ ਸਰਕਾਰਾਂ ਅਤੇ ਸੱਭਿਆਚਾਰਕ ਮੰਤਰੀ ਦੇ ਅਹੁਦਾ ਵਾਪਸ ਲੈ ਲਿਆ ਗਿਆ ਸੀ ਅਤੇ ਇਸ ਦੀ ਥਾਂ ਬਿਜਲੀ ਮਹਿਕਮਾ ਦਿੱਤਾ ਗਿਆ ਸੀ ਪਰ ਸਿੱਧੂ ਨੇ ਇਹ ਅਹੁਦਾ ਨਹੀਂ ਸੰਭਾਲਿਆ ਅਤੇ ਪੰਜਾਬ ਕੈਬਨਿਟ 'ਚੋਂ ਅਸਤੀਫਾ ਦੇ ਦਿੱਤਾ।