ਸਵਾਤੀ ਮਾਲੀਵਾਲ ਵਿਵਾਦ : ਵਿਭਵ ਕੁਮਾਰ ਨੂੰ ਮਹਿਲਾ ਕਮਿਸ਼ਨ ਨੇ ਭੇਜਿਆ ਸੰਮਨ, 17 ਮਈ ਨੂੰ ਪੇਸ਼ ਹੋਣ ਲਈ ਕਿਹਾ

Thursday, May 16, 2024 - 02:14 PM (IST)

ਨਵੀਂ ਦਿੱਲੀ- ਰਾਸ਼ਟਰੀ ਮਹਿਲਾ ਕਮਿਸ਼ਨ (ਐੱਨ.ਸੀ.ਡਬਲਯੂ.) ਨੇ ਸਵਾਤੀ ਮਾਲੀਵਾਲ 'ਤੇ ਹਮਲਾ ਕਰਨ ਦੇ ਦੋਸ਼ੀ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਵਿਭਵ ਕੁਮਾਰ ਨੂੰ ਤਲਬ ਕੀਤਾ ਹੈ। ਮਾਮਲੇ ਦਾ ਖੁਦ ਨੋਟਿਸ ਲੈਂਦਿਆਂ ਮਹਿਲਾ ਪੈਨਲ ਨੇ ਕੁਮਾਰ ਨੂੰ 17 ਮਈ ਨੂੰ ਸਵੇਰੇ 11 ਵਜੇ ਪੇਸ਼ ਹੋਣ ਲਈ ਕਿਹਾ। ਬੁੱਧਵਾਰ ਨੂੰ ਵਿਭਵ ਕੁਮਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਨਾਲ ਲਖਨਊ ਏਅਰਪੋਰਟ 'ਤੇ ਦੇਖਿਆ ਗਿਆ।

ਕੁਮਾਰ ਨੂੰ ਲਿਖੇ ਇੱਕ ਪੱਤਰ ਵਿੱਚ ਐੱਨ.ਸੀ.ਡਬਲਯੂ. ਨੇ ਲਿਖਿਆ, "ਰਾਸ਼ਟਰੀ ਮਹਿਲਾ ਕਮਿਸ਼ਨ ਨੇ ਮੀਡੀਆ ਪੋਸਟ ਦਾ ਖੁਦ ਨੋਟਿਸ ਲਿਆ ਸੀ, ਜਿਸਦਾ ਸਿਰਲੇਖ ਸੀ, ਡੀ.ਸੀ.ਡਬਲਯੂ. ਮੁਖੀ ਸਵਾਤੀ ਮਾਲੀਵਾਲ ਨੇ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਕੱਤਰ 'ਤੇ ਉਸ ਨਾਲ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਕਮਿਸ਼ਨ ਨੇ ਇਸ ਮਾਮਲੇ ਦੀ ਸੁਣਵਾਈ 17 ਮਈ, 2024 ਨੂੰ ਸਵੇਰੇ 11 ਵਜੇ ਨਿਰਧਾਰਤ ਕੀਤੀ ਹੈ, ਜਿਸ ਵਿੱਚ ਤੁਹਾਨੂੰ ਕਮਿਸ਼ਨ ਸਾਹਮਣੇ ਵਿਅਕਤੀਗਤ ਤੌਰ 'ਤੇ ਪੇਸ਼ ਹੋਣਾ ਪਵੇਗਾ।"

ਸੋਮਵਾਰ ਨੂੰ 'ਆਪ' ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਦੋਸ਼ ਲਾਇਆ ਕਿ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਟਾਫ਼ ਦੇ ਇੱਕ ਮੈਂਬਰ ਨੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਤੇ ਉਸ 'ਤੇ ਹਮਲਾ ਕੀਤਾ। ਬਾਅਦ 'ਚ ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸੰਬੰਧ 'ਚ ਮਾਲੀਵਾਲ ਤੋਂ ਕੋਈ ਓਪਚਾਰਿਕ ਸ਼ਿਕਾਇਤ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਵੇਰੇ 9.34 ਵਜੇ ਇਕ ਮਹਿਲਾ ਦੀ ਪੀ.ਸੀ.ਆਰ. ਕਾਲ ਆਈ ਸੀ, ਜਿਸ ਨੇ ਕਿਹਾ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਉਨ੍ਹਾਂ ਨਾਲ ਬਦਸਲੁਕੀ ਕੀਤੀ ਗਈ ਹੈ। 


Rakesh

Content Editor

Related News