ਨਾਸਾ ਦੇ ਸਾਬਕਾ ਪੁਲਾੜ ਯਾਤਰੀ ਨੇ ਕਿਹਾ- ''ਚੰਦਰਯਾਨ-2'' ਭਾਰਤ ਨੂੰ ਭਵਿੱਖ ''ਚ ਕਰੇਗਾ ਮਦਦ

Saturday, Sep 07, 2019 - 02:01 PM (IST)

ਨਾਸਾ ਦੇ ਸਾਬਕਾ ਪੁਲਾੜ ਯਾਤਰੀ ਨੇ ਕਿਹਾ- ''ਚੰਦਰਯਾਨ-2'' ਭਾਰਤ ਨੂੰ ਭਵਿੱਖ ''ਚ ਕਰੇਗਾ ਮਦਦ

ਨਵੀਂ ਦਿੱਲੀ— ਨਾਸਾ ਦੇ ਸਾਬਕਾ ਪੁਲਾੜ ਯਾਤਰੀ ਜੇਰੀ ਲਿਨੇਂਗਰ ਨੇ ਸ਼ਨੀਵਾਰ ਨੂੰ ਕਿਹਾ ਕਿ 'ਚੰਦਰਯਾਨ-2' ਮਿਸ਼ਨ ਦੇ ਅਧੀਨ ਵਿਕਰਮ ਲੈਂਡਰ ਦੀ ਚੰਨ ਦੀ ਸਤਿਹ 'ਤੇ ਸਾਫ਼ਟ ਲੈਂਡਿੰਗ ਕਰਵਾਉਣ ਦੀ ਭਾਰਤ ਦੀ 'ਸਾਹਸਿਕ ਕੋਸ਼ਿਸ਼' ਤੋਂ ਮਿਲਿਆ ਅਨੁਭਵ ਭਵਿੱਖ ਦੇ ਮਿਸ਼ਨ 'ਚ ਸਹਾਇਕ ਹੋਵੇਗਾ। ਸਾਲ 1986 ਤੋਂ 2001 ਤੱਕ ਧਰਤੀ ਦੇ ਹੇਠਲੇ ਪੰਧ 'ਚ ਸਥਾਪਤ ਰੂਸੀ ਪੁਲਾੜ ਕੇਂਦਰ ਮੀਰ 'ਚ ਲਿਨੇਂਗਰ 5 ਮਹੀਨੇ ਤੱਕ ਰਹੇ ਸਨ। ਉਹ ਸ਼ੁੱਕਰਵਾਰ ਨੂੰ ਨੈਸ਼ਨਲ ਜਿਓਗ੍ਰਾਫਿਕ ਚੈਨਲ 'ਤੇ 'ਚੰਦਰਯਾਨ-2' ਦੀ ਲੈਂਡਿੰਗ ਦੇ ਲਾਈਵ ਪ੍ਰਸਾਰਨ 'ਚ ਸ਼ਾਮਲ ਹੋਏ।

ਲਿਨੇਂਗਰ ਨੇ ਇਕ ਇੰਟਰਵਿਊ 'ਚ ਕਿਹਾ,''ਸਾਨੂੰ ਇਸ ਤੋਂ ਦੁਖੀ ਨਹੀਂ ਹੋਣਾ ਚਾਹੀਦਾ। ਭਾਰਤ ਕੁਝ ਅਜਿਹਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਬਹੁਤ ਹੀ ਕਠਿਨ ਹੈ। ਲੈਂਡਰ ਨਾਲ ਸੰਪਰਕ ਟੁੱਟਣ ਤੋਂ ਪਹਿਲਾਂ ਸਭ ਕੁਝ ਯੋਜਨਾ ਦੇ ਅਧੀਨ ਸੀ।'' ਲਿਨੇਂਗਰ ਨੇ ਸੰਕੇਤ ਦਿੱਤਾ ਕਿ ਬਦਕਿਸਮਤੀ ਨਾਲ ਲੈਂਡਰ ਚੰਨ ਦੀ ਸਤਿਹ ਤੋਂ 400 ਮੀਟਰ ਦੀ ਉੱਚਾਈ 'ਤੇ ਸਥਿਤ ਹੋਵਰ ਪੁਆਇੰਟ ਤੱਕ ਨਹੀਂ ਪਹੁੰਚ ਸਕਿਆ।

ਇਕ ਪੁਲਾੜ ਯਾਤਰੀ ਅਤੇ ਮਾਹਰ ਦੇ ਤੌਰ 'ਤੇ ਲਿਨੇਂਗਰ ਨੇ ਕਿਹਾ ਕਿ ਮਿਸ਼ਨ ਬਹੁਤ ਹੀ ਸਫ਼ਲ ਰਿਹਾ। ਉਨ੍ਹਾਂ ਨੇ ਕਿਹਾ,''ਆਰਬਿਟਰ ਅਗਲੇ ਇਕ ਸਾਲ ਤੱਕ ਕੀਮਤੀ ਜਾਣਕਾਰੀ ਦੇਣਾ ਜਾਰੀ ਰੱਖੇਗਾ। ਆਰਬਿਟਰ ਤੋਂ ਆ ਰਹੇ ਸੰਕੇਤ ਦੱਸ ਰਹੇ ਹਨ ਕਿ ਸਾਰੀਆਂ ਪ੍ਰਣਾਲੀਆਂ ਠੀਕ ਤਰ੍ਹਾਂ ਕੰਮ ਕਰ ਰਹੀਆਂ ਹਨ।'' ਉਨ੍ਹਾਂ ਨੇ ਇਸਰੋ ਨੂੰ ਇਸ ਮੁਸ਼ਕਲ ਮਿਸ਼ਨ ਲਈ ਵਧਾਈ ਦਿੱਤੀ।


author

DIsha

Content Editor

Related News