ਮੱਛਰਾਂ ਦੇ ਡੰਗ ਤੋਂ ਬਚਾਏਗੀ ਨਾਸਾ ਦੀ ਬਣਾਈ ਮਸ਼ੀਨ
Friday, Aug 31, 2018 - 01:42 PM (IST)

ਨਵੀਂ ਦਿੱਲੀ— ਸੰਯੁਕਤ ਰਾਜ ਅਮਰੀਕਾ ਦੇ ਨੈਸ਼ਨਲ ਐਰੋਨਾਟਿਕਸ ਐਂਡ ਸਪੇਸ ਐਡਮਿਨੀਸਟਰੇਸ਼ਨ ਦੁਆਰਾ ਬਣਾਈ ਗਈ ਮਸ਼ੀਨ ਪੰਚਕੂਲਾ ਦੇ ਲੋਕਾਂ ਨੂੰ ਮੱਛਰ ਦੇ ਡੰਗ ਤੋਂ ਬਚਾਏਗੀ। ਨਗਰ ਨਿਗਮ ਪੰਚਕੂਲਾ ਨੇ ਕਰੀਬ 25 ਲੱਖ ਰੁਪਏ ਦੀ ਲਾਗਤ ਨਾਲ ਨਾਸਾ ਦੁਆਰਾ ਈਜਾਦ ਕੀਤੀਆਂ ਗਈਆਂ 10 ਮਸ਼ੀਨਾਂ ਨੂੰ ਖਰੀਦਿਆ ਹੈ, ਜੋ ਮੱਛਰਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਕੇ ਉਨ੍ਹਾਂ ਦਾ ਖਾਤਮਾ ਕਰੇਗੀ। ਇਹ ਮਸ਼ੀਨਾਂ ਪੰਚਕੂਲਾ 'ਚ 10 ਥਾਵਾਂ ਰਾਜੀਵ ਕਾਲੋਨੀ, ਇੰਦਰਾ ਕਲੋਨੀ, ਨਾਡਾ ਸਾਹਿਬ, ਬੁਡਨਪੁਰ, ਭੈਂਸਾ ਟਿੱਬਾ, ਪਿੰਜੌਰ ਵਿਚ ਬੰਗਾਲਾ ਬਸਤੀ, ਕਾਲਕਾ 'ਚ ਭੈਰੋ ਦੀ ਸੈਰ ਅਤੇ ਖੜਕ ਮੰਗੋਲੀ ਅਤੇ ਬਰਵਾਲਾ 'ਚ ਲਗਾਈਆਂ ਜਾਣਗੀਆਂ।
ਦੱਸ ਦੇਈਏ ਕਿ ਮੀਂਹ ਤੋਂ ਬਾਅਦ ਪੰਚਕੂਲਾ ਅਤੇ ਆਲੇ ਦੁਆਲੇ ਦੇ ਖੇਤਰਾਂ 'ਚ ਥਾਂ-ਥਾਂ ਪਾਣੀ ਖੜ੍ਹਾ ਹੋਣ ਤੋਂ ਬਾਅਦ ਮੱਛਰਾਂ ਦੀ ਗਿਣਤੀ ਵਧ ਰਹੀ ਹੈ, ਜਿਸ ਦੇ ਨਾਲ ਡੇਂਗੂ ਅਤੇ ਮਲੇਰੀਆ ਵਰਗੇ ਮਾਮਲੇ ਵਧ ਰਹੇ ਹਨ। ਪੰਚਕੂਲਾ ਨਗਰ ਨਿਗਮ ਨੇ ਮੱਛਰਾਂ ਤੋਂ ਛੁਟਕਾਰਾ ਪਾਉਣ ਲਈ ਇਹ ਮਸ਼ੀਨਾਂ ਖਰੀਦੀਆਂ ਹਨ। ਜਿਸ ਨੂੰ ਇਕ ਏਜੰਸੀ ਦੇ ਮਾਧਿਅਮ ਰਾਹੀਂ ਅਗਲੇ ਕੁਝ ਦਿਨਾਂ 'ਚ ਸ਼ਹਿਰ ਵਿਚ ਲਗਾਇਆ ਜਾਵੇਗਾ।
ਨਾਸਾ ਦੇ ਵਿਗਿਆਨੀਆਂ ਨੇ ਮੱਛਰਾਂ 'ਤੇ ਅਧਿਐਨ ਕਰਨ ਤੋਂ ਬਾਅਦ ਇਸ ਦਾ ਵਿਕਾਸ ਕੀਤਾ ਹੈ। ਆਮਤੌਰ 'ਤੇ ਮੱਛਰ ਇਨਸਾਨ ਦਾ ਖੂਨ ਚੂਸਦੇ ਹਨ। ਵਿਗਿਆਨੀਆਂ ਨੇ ਇਕ ਥਾਂ ਇਨਸਾਨ ਦਾ ਖੂਨ ਰੱਖਿਆ ਪਰ ਦੇਖਿਆ ਕਿ ਮੱਛਰਾਂ ਨੇ ਇਸ ਵਿਚ ਕੋਈ ਦਿਲਚਸਪੀ ਨਾ ਦਿਖਾਈ। ਇਸ ਤੋਂ ਬਾਅਦ ਕਾਰਬਨ ਡਾਈਆਕਸਾਈਡ ਨਾਲ ਮੱਛਰਾਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਵੀ ਮੱਛਰ ਆਕਰਸ਼ਿਤ ਨਾ ਹੋਏ। ਇਸ ਤੋਂ ਬਾਅਦ ਹਿਊਮਨ ਟੈਂਪਰੇਚਰ ਮੈਂਟੇਨ ਕਰ ਕੇ ਕਾਰਬਨ ਡਾਈਆਕਸਾਈਡ ਛੱਡੀ ਗਈ ਤਾਂ ਮੱਛਰ ਇਸ ਵੱਲ ਆਕਰਸ਼ਿਤ ਹੋਣ ਲੱਗੇ। ਇਸ ਸਟੱਡੀ ਦੇ ਆਧਾਰ 'ਤੇ ਹੀ ਨਾਸਾ ਦੇ ਵਿਗਿਆਨੀਆਂ ਨੇ ਮੱਛਰ ਮਾਰਨ ਦੀ ਟੈਕਨੋਲਾਜੀ ਨੂੰ ਵਿਕਸਿਤ ਕੀਤਾ। ਤਿਆਰ ਕੀਤੀ ਗਈ ਮਸ਼ੀਨ ਇਕ ਕਿਲੋਮੀਟਰ ਏਰੀਏ ਦੇ ਮੱਛਰਾਂ ਨੂੰ ਆਪਣੇ ਵੱਲ ਆਕਰਸ਼ਿਤ ਕਰੇਗੀ। ਹਿਊਮਨ ਟੈਂਪਰੇਚਰ ਅਤੇ ਕਾਰਬਨ ਡਾਈਆਕਸਾਈਡ ਛੱਡਣ 'ਤੇ ਮੱਛਰ ਜਦੋਂ ਮਸ਼ੀਨ 'ਤੇ ਬੈਠਣਗੇ ਤਾਂ ਇਹ ਮੱਛਰਾਂ ਨੂੰ ਆਪਣੇ ਅੰਦਰ ਖਿੱਚ ਲਵੇਗੀ। ਮਸ਼ੀਨ ਵਿਚ ਲੱਗੇ ਬਲੇਡ ਮੱਛਰਾਂ ਨੂੰ ਖਤਮ ਕਰ ਦੇਣਗੇ।
ਨਗਰ ਨਿਗਮ ਦੇ ਪ੍ਰਬੰਧਕ ਰਾਜੇਸ਼ ਜੋਗਪਾਲ ਨੇ ਦੱਸਿਆ ਕਿ ਕਰੀਬ 25 ਕਿੱਲੋਗ੍ਰਾਮ ਦੀ ਇਹ ਇਕ ਮਸ਼ੀਨ ਢਾਈ ਲੱਖ ਰੁਪਏ ਕੀਤੀ ਹੈ। ਹੁਣ ਤੱਕ ਅਜਿਹੀਆਂ ਮਸ਼ੀਨਾਂ ਮੁੰਬਈ ਅਤੇ ਦਿੱਲੀ ਵਰਗੇ ਵੱਡੇ ਸ਼ਹਿਰਾਂ 'ਚ ਸਥਿਤ ਏਅਰਪੋਰਟ ਅਤੇ ਵੱਡੇ ਅਸਪਤਾਲਾਂ 'ਚ ਲਗਾਈਆਂ ਗਈਆਂ ਹਨ। ਹਰਿਆਣਾ ਵਿਚ ਪੰਚਕੂਲਾ ਅਜਿਹਾ ਪਹਿਲਾ ਸ਼ਹਿਰ ਹੈ, ਜਿੱਥੇ ਅਗਲੇ ਦੋ ਹਫਤਿਆਂ ਵਿਚ ਦਸ ਥਾਵਾਂ 'ਤੇ ਮਸ਼ੀਨਾਂ ਲਗਾਈਆਂ ਜਾਣਗੀਆਂ।