ਨਰਿੰਦਰ ਤੋਮਰ ਦੇ ਬਿਆਨ ''ਤੇ ਗੁਰਜੀਤ ਔਜਲੇ ਦਾ ਪਲਟਵਾਰ, ਕਿਹਾ- ''ਸਰਕਾਰ ਦਾ ਦਿਲ ਕਾਲਾ ਹੈ''

Friday, Feb 05, 2021 - 05:37 PM (IST)

ਅੰਮ੍ਰਿਤਸਰ/ਨਵੀਂ ਦਿੱਲੀ- ਬਜਟ ਸੈਸ਼ਨ ਦੌਰਾਨ ਲੋਕ ਸਭਾ ਅਤੇ ਰਾਜ ਸਭਾ 'ਚ ਕਿਸਾਨਾਂ ਦੇ ਮੁੱਦੇ 'ਤੇ ਚਰਚਾ ਚੱਲ ਰਹੀ ਹੈ। ਸ਼ੁੱਕਰਵਾਰ ਨੂੰ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਸੰਸਦ 'ਚ ਕਿਸਾਨਾਂ ਨੂੰ ਲੈ ਕੇ ਬਿਆਨ ਦਿੱਤਾ। ਇਸ ਨੂੰ ਲੈ ਕੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਜਿਹੜੇ ਖੇਤੀ ਕਾਨੂੰਨਾਂ ਵਿਰੁੱਧ ਇੰਨਾ ਅੰਦੋਲਨ ਚੱਲ ਰਿਹਾ ਹੈ, ਇਸ ਨੂੰ ਸਰਕਾਰ ਨੇ ਕੋਰੋਨਾ ਦੇ ਸਮੇਂ 5-6 ਘੰਟਿਆਂ ਅੰਦਰ ਪਾਸ ਕਰਵਾਇਆ ਸੀ। ਔਜਲਾ ਨੇ ਕਿਹਾ ਕਿ ਖੂਨ ਦੀ ਖੇਤੀ ਸਰਕਾਰ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦੰਗੇ ਕਰਵਾਉਣਾ ਭਾਜਪਾ ਨੂੰ ਵਿਰਾਸਤ 'ਚ ਮਿਲਿਆ ਹੋਇਆ ਹੈ। ਇਹ ਗੁਜਰਾਤ ਤੋਂ ਸ਼ੁਰੂ ਹੋਈ ਸੀ, ਜਿਸ ਦੀ ਲਪੇਟ 'ਚ ਇਨ੍ਹਾਂ ਨੇ ਅੰਨਦਾਤਾ ਨੂੰ ਵੀ ਲੈ ਲਿਆ। ਔਜਲਾ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਸਭ ਝੂਠ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਕੋਈ ਕਿਸਾਨ ਗੁੰਮਰਾਹ ਨਹੀਂ ਹੈ ਸਗੋਂ ਸਰਕਾਰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਕੀ ਕਰ ਰਹੇ ਹੋ, ਇਸ ਦਾ ਰਿਕਾਰਡ ਹਰ ਆਦਮੀ ਕੋਲ ਹੈ। ਔਜਲਾ ਨੇ ਕਿਹਾ ਕਿ ਸਰਕਾਰ ਦਾ ਦਿਲ ਕਾਲਾ ਹੈ। ਉਹ ਅਡਾਨੀ ਵਾਲਾ ਚਸ਼ਮਾ ਉਤਾਰ ਕੇ ਦੇਖਣ ਕਿ ਕਾਲਾ ਕੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਾਡੇ ਕਹਿਣ 'ਤੇ ਵਾਪਸ ਨਹੀਂ ਜਾਏਗਾ, ਕਾਨੂੰਨ ਵਾਪਸ ਲੈਣ 'ਤੇ ਹੀ ਜਾਏਗਾ। ਔਜਲਾ ਨੇ ਕਿਹਾ ਕਿ ਤੋਮਰ ਨੇ ਇਸ ਭਾਸ਼ਣ 'ਚ ਸਰਕਾਰ ਨੂੰ ਬਚਾਉਣ ਲਈ ਜੋ ਅਲਫਾਜ਼ ਯੂਜ਼ ਕਰ ਸਕਦੇ ਹਨ, ਉਹ ਕੀਤੇ ਹਨ। ਉਨ੍ਹਾਂ ਨੇ ਭਾਸ਼ਣ 'ਚ ਸਿਰਫ਼ ਇਹੀ ਕਿਹਾ ਹੈ ਕਿ ਕਿਸਾਨ ਗਲਤ ਕਰ ਰਹੇ ਹਨ।

ਇਹ ਵੀ ਪੜ੍ਹੋ : ਦਿੱਲੀ ਤੋਂ ਇਲਾਵਾ ਪੂਰੇ ਦੇਸ਼ 'ਚ ਹੋਵੇਗਾ ਚੱਕਾ ਜਾਮ : ਰਾਕੇਸ਼ ਟਿਕੈਤ

ਦੱਸਣਯੋਗ ਹੈ ਕਿ ਤੋਮਰ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਭਲੇ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਹਿੱਤ 'ਚ ਕੰਮ ਕਰ ਰਹੇ ਹਾਂ। ਤੋਮਰ ਨੇ ਕਿਹਾ ਕਿ ਮੋਦੀ ਸਰਕਾਰ ਦੀ ਅਗਵਾਈ 'ਚ ਪਿੰਡਾਂ ਨੂੰ ਮਜ਼ਬੂਤ ਕੀਤਾ ਗਿਆ ਹੈ ਅਤੇ ਕਿਸਾਨਾਂ, ਮਜ਼ਦੂਰਾਂ ਨੂੰ ਸਿੱਧੀ ਮਦਦ ਪਹੁੰਚਾਈ ਗਈ ਹੈ। ਉਨ੍ਹਾਂ ਕਿਹਾ ਕਿ ਗਰੀਬ ਅਤੇ ਕਿਸਾਨਾਂ ਲਈ ਕੰਮ ਕਰਨਾ ਸਰਕਾਰ ਦਾ ਧਰਮ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਖੇਤੀ ਖੇਤਰ 'ਚ ਸਰਕਾਰ ਨੇ ਕੰਮ ਕੀਤਾ ਹੈ ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਰੱਖਿਆ। ਕਰੀਬ 10 ਕਰੋੜ ਤੋਂ ਵੱਧ ਕਿਸਾਨਾਂ ਨੂੰ 1.15 ਲੱਖ ਕਰੋੜ ਰੁਪਏ ਉਨ੍ਹਾਂ ਦਾ ਖਾਤਿਆਂ 'ਚ ਭੇਜੇ ਗਏ ਹਨ। ਖੇਤੀ ਕਾਨੂੰਨਾਂ 'ਤੇ ਆਪਣੀ ਗੱਲ ਰੱਖਦੇ ਹੋਏ ਤੋਮਰ ਨੇ ਵਿਰੋਧੀ ਧਿਰ ਤੋਂ ਸਵਾਲ ਕੀਤਾ ਕਿ ਖੇਤੀ ਕਾਨੂੰਨਾਂ 'ਚ 'ਕਾਲਾ ਕੀ ਹੈ, ਉਹ ਦੱਸੋ। ਤੋਮਰ ਨੇ ਕਿਹਾ ਕਿ ਕਿਸਾਨਾਂ ਨੂੰ ਭੜਕਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਜ਼ਮੀਨ ਚੱਲੀ ਜਾਵੇਗੀ। ਵਿਰੋਧੀ ਧਿਰ ਦੱਸੇ ਕਿ ਕਾਨਟਰੈਕਟਿੰਗ (ਠੇਕਾ) ਫਾਰਮਿੰਗ ਦੇ ਕਿਹੜੇ ਪ੍ਰਬੰਧ 'ਚ ਅਜਿਹਾ ਲਿਖਿਆ ਹੈ। ਉਨ੍ਹਾਂ ਦੇ ਇਸ ਕਥਨ 'ਤੇ ਵਿਰੋਧੀ ਧਿਰ ਨੇ ਨਾਰਾਜ਼ਗੀ ਜਤਾਈ।

ਇਹ ਵੀ ਪੜ੍ਹੋ : ਰਾਜ ਸਭਾ 'ਚ ਬੋਲੇ ਖੇਤੀਬਾੜੀ ਮੰਤਰੀ- ਖੇਤੀ ਕਾਨੂੰਨਾਂ 'ਚ ਕਾਲਾ ਕੀ, ਦੱਸੇ ਵਿਰੋਧੀ ਧਿਰ


DIsha

Content Editor

Related News