ਗੁਜਰਾਤ ਦਾ ਭਰੋਸਾ ਜਿੱਤਣ ਲਈ ਕਾਂਗਰਸ ਨੂੰ ‘ਪਾੜੋ ਤੇ ਰਾਜ ਕਰੋ’ ਦੀ ਰਣਨੀਤੀ ਛੱਡਣੀ ਪਵੇਗੀ: PM ਮੋਦੀ

11/28/2022 5:56:33 PM

ਅਹਿਮਦਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਰਮਦਾ ਬਚਾਓ ਅੰਦੋਲਨ ਦੀ ਆਗੂ ਮੇਧਾ ਪਾਟਕਰ ਦੀ ਉੱਘੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਵਾਲੀ ‘ਭਾਰਤ ਜੋੜੋ ਯਾਤਰਾ’ ’ਚ ਸ਼ਮੂਲੀਅਤ ਦਾ ਮੁੱਦਾ ਚੁੱਕਦੇ ਹੋਏ ਇਕ ਵਾਰ ਫਿਰ ਕਾਂਗਰਸ ’ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਗੁਜਰਾਤ ਦੀ ਜਨਤਾ ਦਾ ਭਰੋਸਾ ਮੁੜ ਹਾਸਲ ਕਰਨ ਲਈ ਉਸ ਨੂੰ 'ਪਾੜੋ ਅਤੇ ਰਾਜ ਕਰੋ' ਦੀ ਰਣਨੀਤੀ ਛੱਡਣੀ ਪਵੇਗੀ।

ਸੋਮਵਾਰ ਨੂੰ ਭਾਵਨਗਰ ਜ਼ਿਲ੍ਹੇ ਦੇ ਪਾਲੀਟਾਨਾ ’ਚ ਭਾਜਪਾ ਦੇ ਉਮੀਦਵਾਰਾਂ ਦੇ ਹੱਕ ’ਚ ਆਯੋਜਿਤ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਮੋਦੀ ਨੇ ਕਿਹਾ ਕਿ ਸੂਬੇ ਨੇ ਕਾਂਗਰਸ ਨੂੰ ਇਸ ਲਈ ਨਕਾਰ ਦਿੱਤਾ ਹੈ ਕਿਉਂਕਿ ਉਨ੍ਹਾਂ ਦੀ ਨੀਤੀ ਕਾਰਨ ਸੂਬੇ ਦੇ ਲੋਕਾਂ ਨੂੰ ਬਹੁਤ ਨੁਕਸਾਨ ਹੋਇਆ ਹੈ। ਵਿਰੋਧੀ ਧਿਰ ਕਾਂਗਰਸ 'ਤੇ ਆਪਣਾ ਹਮਲਾ ਜਾਰੀ ਰੱਖਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਦੀ ਵਿਚਾਰਧਾਰਾ ਪਾੜੋ ਅਤੇ ਰਾਜ ਕਰੋ। ਗੁਜਰਾਤ ਦੇ ਵੱਖਰਾ ਰਾਜ ਬਣਨ ਤੋਂ ਪਹਿਲਾਂ ਉਸ ਨੇ ਗੁਜਰਾਤੀ ਅਤੇ ਮਰਾਠੀ ਲੋਕਾਂ ਨੂੰ ਇਕ-ਦੂਜੇ ਦੇ ਵਿਰੁੱਧ ਲੜਾਇਆ। ਬਾਅਦ ’ਚ ਕਾਂਗਰਸ ਨੇ ਵੱਖ-ਵੱਖ ਜਾਤਾਂ ਅਤੇ ਫਿਰਕਿਆਂ ਦੇ ਲੋਕਾਂ ਨੂੰ ਇਕ-ਦੂਜੇ ਵਿਰੁੱਧ ਭੜਕਾਇਆ। ਕਾਂਗਰਸ ਦੇ ਅਜਿਹੇ ਗੁਨਾਹਾਂ ਕਾਰਨ ਗੁਜਰਾਤ ਨੂੰ ਬਹੁਤ ਨੁਕਸਾਨ ਝੱਲਣਾ ਪਿਆ ਹੈ।

ਜ਼ਿਕਰਯੋਗ ਹੈ ਕਿ ਮੇਧਾ ਪਾਟਕਰ ਦੇ ਭਾਰਤ ਜੋੜੋ ਯਾਤਰਾ 'ਚ ਸ਼ਾਮਲ ਹੋਣ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਮੋਦੀ ਪਿਛਲੇ ਦਿਨੀਂ ਆਪਣੀਆਂ ਚੋਣ ਰੈਲੀਆਂ 'ਚ ਵੀ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹ ਚੁੱਕੇ ਹਨ। 182 ਮੈਂਬਰੀ ਗੁਜਰਾਤ ਵਿਧਾਨ ਸਭਾ ਲਈ ਦੋ ਪੜਾਵਾਂ ਵਿਚ ਵੋਟਿੰਗ ਹੋਣੀ ਹੈ। ਪਹਿਲੇ ਪੜਾਅ ਦੀ ਵੋਟਿੰਗ 1 ਦਸੰਬਰ ਨੂੰ ਹੋਵੇਗੀ ਅਤੇ ਦੂਜੇ ਪੜਾਅ ਦੀ ਵੋਟਿੰਗ 5 ਦਸੰਬਰ ਨੂੰ ਹੋਵੇਗੀ। ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ।


 


Tanu

Content Editor

Related News