‘ਮਨ ਕੀ ਬਾਤ’ ’ਚ ਬੋਲੇ- PM ਮੋਦੀ, ਹਾਕੀ ਖਿਡਾਰੀਆਂ ਨੇ 41 ਸਾਲ ਬਾਅਦ ਦੇਸ਼ ਦਾ ਨਾਂ ਕੀਤਾ ਉੱਚਾ
Sunday, Aug 29, 2021 - 12:02 PM (IST)
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਜ਼ਰੀਏ ਦੇਸ਼ ਵਾਸੀਆਂ ਨੂੰ ਸੰਬੋਧਿਤ ਕੀਤਾ। ‘ਮਨ ਕੀ ਬਾਤ’ ਪ੍ਰੋਗਰਾਮ ਦਾ ਇਹ 80ਵਾਂ ਐਪੀਸੋਡ ਹੈ। ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਦੀ ਸ਼ੁਰੂਆਤ ’ਚ ਮੇਜਰ ਧਿਆਨਚੰਦ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਮੇਜਰ ਧਿਆਨਚੰਦ ਦੀ ਆਤਮਾ, ਉਹ ਜਿੱਥੇ ਵੀ ਹੋਣਗੇ, ਉਨ੍ਹਾਂ ਨੂੰ ਕਿੰਨੀ ਖੁਸ਼ੀ ਹੁੰਦੀ ਹੋਵੇਗੀ ਕਿਉਂਕਿ ਦੁਨੀਆ ’ਚ ਭਾਰਤ ਦੀ ਹਾਕੀ ਦਾ ਡੰਕਾ ਧਿਆਨਚੰਦ ਦੀ ਹਾਕੀ ਸਟਿੱਕ ਨਾਲ ਵਜਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿੰਨੇ ਵੀ ਤਮਗੇ ਕਿਉਂ ਨਾ ਮਿਲ ਜਾਣ ਪਰ ਜਦੋਂ ਤੱਕ ਹਾਕੀ ਵਿਚ ਤਮਗਾ ਨਹੀਂ ਮਿਲਦਾ ਭਾਰਤ ਦਾ ਕੋਈ ਵੀ ਨਾਗਰਿਕ ਜਿੱਤ ਦਾ ਆਨੰਦ ਨਹੀਂ ਲੈ ਸਕਦਾ ਅਤੇ ਇਸ ਵਾਰ ਓਲੰਪਿਕ ’ਚ ਹਾਕੀ ਲਈ ਤਮਗਾ ਮਿਲਿਆ ਉਹ ਵੀ 4 ਦਹਾਕਿਆਂ ਬਾਅਦ ਮਿਲਿਆ। ਭਾਰਤੀ ਹਾਕੀ ਖਿਡਾਰੀਆਂ ਨੇ 41 ਸਾਲ ਬਾਅਦ ਹਾਕੀ ’ਚ ਦੇਸ਼ ਦਾ ਨਾਂ ਉੱਚਾ ਕੀਤਾ।
ਨੌਜਵਾਨ ਪੀੜ੍ਹੀ ਦਾ ਮਨ ਬਦਲ ਰਿਹਾ ਹੈ—
ਜਦੋਂ ਖੇਡਾਂ ਦੀ ਗੱਲ ਹੁੰਦੀ ਹੈ ਤਾਂ ਸੁਭਾਵਿਕ ਹੈ ਸਾਡੇ ਸਾਹਮਣੇ ਪੂਰੀ ਨੌਜਵਾਨ ਪੀੜ੍ਹੀ ਨਜ਼ਰ ਆਉਂਦੀ ਹੈ ਅਤੇ ਜਦੋਂ ਇਸ ਪੀੜ੍ਹੀ ਵੱਲ ਗੌਰ ਨਾਲ ਵੇਖਦੇ ਹਾਂ ਤਾਂ ਕਿੰਨਾ ਬਦਲਾਅ ਨਜ਼ਰ ਆ ਰਿਹਾ ਹੈ। ਅੱਜ ਦਾ ਨੌਜਵਾਨ ਕੁਝ ਹੱਟ ਕੇ ਕਰਨਾ ਚਾਹੁੰਦਾ ਹੈ। ਅੱਜ ਦਾ ਨੌਜਵਾਨ ਮੰਜ਼ਿਲ ਵੀ ਨਵੀਂ, ਟੀਚਾ ਵੀ ਨਵਾਂ, ਰਾਹ ਵੀ ਨਵਾਂ ਵੱਲ ਵੱਧ ਰਿਹਾ ਹੈ। ਇਕ ਵਾਰ ਮਨ ’ਚ ਜੋ ਠਾਨ ਲੈਂਦਾ ਹੈ ਨਾ ਨੌਜਵਾਨ, ਜੀ-ਜਾਨ ਨਾਲ ਜੁੱਟ ਜਾਂਦਾ ਹੈ। ਦਿਨ-ਰਾਤ ਮਿਹਨਤ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੀਆਂ ਦੀ ਕੋਸ਼ਿਸ਼ ਸਦਕਾ ਖੇਡਾਂ ’ਚ ਭਾਰਤ ਨਵੀਆਂ ਉੱਚਾਈਆਂ ਹਾਸਲ ਕਰ ਸਕੇਗਾ।
ਸਵੱਛਤਾ ’ਤੇ ਜ਼ੋਰ—
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਲਈ ਸਾਰੀਆਂ ਦੀ ਕੋਸ਼ਿਸ਼ ਸਾਨੂੰ ਪ੍ਰੇਰਣਾ ਦਿੰਦੀ ਹੈ। ਅਸੀਂ ਇਹ ਜਾਣਦੇ ਹਾਂ ਕਿ ਜਦੋਂ ਵੀ ਸਵੱਛ ਭਾਰਤ ਦਾ ਨਾਂ ਆਉਂਦਾ ਹੈ ਤਾਂ ਇੰਦੌਰ ਦਾ ਨਾਂ ਆਉਂਦਾ ਹੀ ਆਉਂਦਾ ਹੈ। ਇੰਦੌਰ ਕਈ ਸਾਲਾਂ ਤੋਂ ਸਵੱਛ ਭਾਰਤ ਦੀ ਰੈਂਕਿੰਗ ਵਿਚ ਸਿਖਰ ’ਤੇ ਬਣਿਆ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਆਫ਼ਤ ਵਿਚ ਮੈਨੂੰ ਸਾਫ਼-ਸਫਾਈ ਨੂੰ ਲੈ ਕੇ ਜਿੰਨੀ ਗੱਲ ਕਰਨੀ ਚਾਹੀਦੀ ਸੀ, ਉਸ ’ਚ ਕਮੀ ਰਹਿ ਗਈ ਹੈ। ਇੰਦੌਰ ਵਿਚ ਨਾਗਰਿਕਾਂ ਨੇ ਨਾਲੀਆਂ ਨੂੰ ਸੀਵਰ ਲਾਇੰਸ ਨਾਲ ਜੋੜਿਆ ਹੈ।
ਜਨਮ ਅਸ਼ਟਮੀ ਦੀ ਵਧਾਈ ਦਿੱਤੀ—
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੱਲ੍ਹ ਜਨਮ ਅਸ਼ਟਮੀ ਦਾ ਤਿਉਹਾਰ ਹੈ। ਜਨਮ ਅਸ਼ਟਮੀ ਦਾ ਇਹ ਤਿਉਹਾਰ ਯਾਨੀ ਕਿ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਦਾ ਤਿਉਹਾਰ। ਅਸੀਂ ਭਗਵਾਨ ਦੇ ਸਾਰੇ ਰੂਪਾਂ ਨਾਲ ਪਰਿਚਿਤ ਹਾਂ। ਨਟਖਟ ਕਾਹਨਾ ਤੋਂ ਲੈ ਕੇ ਵਿਰਾਟ ਰੂਪ ਧਾਰਨ ਕਰਨ ਵਾਲੇ ਕ੍ਰਿਸ਼ਨ ਤੱਕ।
ਦਵਾਈ ਵੀ ਸਖ਼ਤਾਈ ਵੀ- ਪੀ. ਐੱਮ. ਮੋਦੀ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਨੂੰ ਇਕ ਗੱਲ ਹੋਰ ਯਾਦ ਰੱਖਣੀ ਹੈ। ਦਵਾਈ ਵੀ ਸਖ਼ਤਾਈ ਵੀ। ਦੇਸ਼ ਵਿਚ 62 ਕਰੋੜ ਤੋਂ ਵੱਧ ਵੈਕਸੀਨ ਦੀ ਡੋਜ਼ ਦਿੱਤੀ ਜਾ ਚੁੱਕੀ ਹੈ। ਫਿਰ ਵੀ ਸਾਨੂੰ ਸਾਵਧਾਨੀ ਵਰਤਣੀ ਹੈ। ਹਮੇਸ਼ਾ ਵਾਂਗ ਤੁਸੀਂ ਜਦੋਂ ਵੀ ਕੁਝ ਨਵਾਂ ਕਰੋ, ਕੁਝ ਨਵਾਂ ਸੋਚੋ ਤਾਂ ਉਸ ’ਚ ਮੈਨੂੰ ਜ਼ਰੂਰ ਸ਼ਾਮਲ ਕਰੋ। ਮੈਨੂੰ ਤੁਹਾਡੀਆਂ ਚਿੱਠੀਆਂ ਅਤੇ ਮੈਸੇਜ ਦੀ ਉਡੀਕ ਰਹੇਗੀ। ਆਉਣ ਵਾਲੇ ਤਿਉਹਾਰਾਂ ਦੀ ਵਧਾਈ।