ਭਾਰਤੀ ਮੀਡੀਆ ਨੂੰ ਵੀ ''ਗਲੋਬਲ ਹੋਣ ਦੀ ਜ਼ਰੂਰਤ'' : ਨਰਿੰਦਰ ਮੋਦੀ

9/8/2020 2:04:01 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਹਰ ਕੌਮਾਂਤਰੀ ਮੰਚ 'ਤੇ ਭਾਰਤ ਦੀ ਮੌਜੂਦਗੀ ਮਜ਼ਬੂਤ ਹੋਈ ਹੈ, ਅਜਿਹੇ 'ਚ ਭਾਰਤੀ ਮੀਡੀਆ ਨੂੰ ਵੀ 'ਗਲੋਬਲ' ਹੋਣ ਦੀ ਜ਼ਰੂਰਤ ਹੈ। ਜੈਪੁਰ 'ਚ ਜਵਾਹਰਲਾਲ ਨਹਿਰੂ ਮਾਰਗ 'ਤੇ ਸਮਾਚਾਰ ਪੱਤਰ ਸਮੂਹ 'ਪੱਤਰਿਕਾ' ਵਲੋਂ ਬਣੀ 'ਪਤਰਿਕਾ ਗੇਟ' ਦਾ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਉਦਘਾਟਨ ਕਰਨ ਤੋਂ ਬਾਅਦ ਆਪਣੇ ਸੰਬੋਧਨ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੀਡੀਆ ਵਲੋਂ ਸਰਕਾਰ ਦੀ ਆਲੋਚਨਾ ਸੁਭਾਵਿਕ ਹੈ ਅਤੇ ਇਸ ਨਾਲ ਲੋਕਤੰਤਰ ਮਜ਼ਬੂਤ ਹੋਇਆ ਹੈ। ਮੋਦੀ ਨੇ ਕੋਰੋਨਾ ਵਾਇਰਸ ਮਹਾਮਾਰੀ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਲਈ ਮੀਡੀਆ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਲੋਕਾਂ ਦੀ ਸੇਵਾ ਦੱਸਿਆ। 

ਪ੍ਰਧਾਨ ਮੰਤਰੀ ਨੇ ਕਿਹਾ,''ਭਾਰਤ ਦੇ ਸਥਾਨਕ ਉਤਪਾਦ ਅੱਜ ਗਲੋਬਲ ਹੋ ਰਹੇ ਹਨ। ਭਾਰਤ ਦੀ ਆਵਾਜ਼ ਵੀ ਹੋਰ ਜ਼ਿਆਦਾ ਗਲੋਬਲ ਹੋ ਰਹੀ ਹੈ। ਦੁਨੀਆ ਭਾਰਤ ਨੂੰ ਹੋਰ ਵੱਧ ਧਿਆਨ ਨਾਲ ਸੁਣਦੀ ਹੈ। ਹਰ ਕੌਮਾਂਤਰੀ ਮੰਚ 'ਤੇ ਭਾਰਤ ਦੀ ਮਜ਼ਬੂਤ ਮੌਜੂਦਗੀ ਹੈ। ਅਜਿਹੇ 'ਚ ਭਾਰਤ ਦੇ ਮੀਡੀਆ ਨੂੰ ਵੀ ਗਲੋਬਲ ਹੋਣ ਦੀ ਜ਼ਰੂਰਤ ਹੈ।'' ਸਵੱਛ ਭਾਰਤ, ਉੱਜਵਲਾ ਗੈਸ ਯੋਜਨਾ ਅਤੇ ਜਲ ਜੀਵਨ ਮਿਸ਼ਨ ਵਰਗੀਆਂ ਸਰਕਾਰੀ ਯੋਜਨਾਵਾਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਕੋਰੋਨਾ ਵਿਰੁੱਧ ਜੰਗ 'ਚ ਮੀਡੀਆ ਦੀ ਭੂਮਿਕਾ ਦੀ ਸ਼ਲਾਘਾ ਕਰਦੇ ਹੋਏ ਮੋਦੀ ਨੇ ਸਰਕਾਰ ਦੇ ਕੰਮਾਂ ਦੀ ਆਲੋਚਨਾ ਨੂੰ ਸੁਭਾਵਿਕ ਦੱਸਿਆ।

ਉਨ੍ਹਾਂ ਨੇ ਕਿਹਾ,''ਸਰਕਾਰ ਦੀਆਂ ਯੋਜਨਾਵਾਂ 'ਚ ਜ਼ਮੀਨੀ ਪੱਧਰ 'ਤੇ ਜੋ ਕਮੀਆਂ ਹਨ, ਉਸ ਨੂੰ ਦੱਸਣਾ ਅਤੇ ਉਸ ਦੀ ਆਲੋਚਨਾ ਸੁਭਾਵਿਕ ਹੈ। ਸੋਸ਼ਲ ਮੀਡੀਆ ਦੇ ਦੌਰ 'ਚ ਇਹ ਹੋਰ ਵੀ ਵੱਧ ਸੁਭਾਵਿਕ ਹੋ ਗਿਆ ਹੈ ਪਰ ਆਲੋਚਨਾ ਤੋਂ ਸਿੱਖਣਾ ਵੀ ਸਾਡੇ ਸਾਰਿਆਂ ਲਈ ਓਨਾ ਹੀ ਜ਼ਰੂਰੀ ਹੈ। ਇਸ ਲਈ ਅੱਜ ਸਾਡਾ ਲੋਕਤੰਤਰ ਮਜ਼ਬੂਤ ਹੋਇਆ ਹੈ।'' ਪ੍ਰਧਾਨ ਮੰਤਰੀ ਨੇ ਆਤਮਨਿਰਭਰ ਭਾਰਤ ਅਤੇ 'ਲੋਕਲ ਲਈ ਵੋਕਲ' ਸੰਕਲਪ ਨੂੰ ਇਕ ਵੱਡੀ ਮੁਹਿੰਮ ਦੀ ਸ਼ਕਲ ਦੇਣ ਅਤੇ ਉਸ ਨੂੰ ਵਿਆਪਕ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਇਸ ਪ੍ਰੋਗਰਾਮ 'ਚ ਜੈਪੁਰ ਤੋਂ ਰਾਜਸਥਾਨ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਰਾਜਪਾਲ ਕਲਰਾਜ ਮਿਸ਼ਰਾ ਵੀ ਸ਼ਾਮਲ ਹੋਏ। ਇਸ ਮੌਕੇ ਪ੍ਰਧਾਨ ਮੰਤਰੀ ਨੇ ਪੱਤਰਿਕਾ ਸਮੂਹ ਦੇ ਚੇਅਰਮੈਨ ਵਲੋਂ ਲਿਖੀਆਂ 2 ਕਿਤਾਬਾਂ ਵੀ ਜਾਰੀ ਕੀਤੀਆਂ।


DIsha

Content Editor DIsha