''ਦੇਸ਼ ''ਚ ਬਦਲਾਅ ਵੋਟਾਂ ਕਾਰਨ ਹੋਇਆ, ਮੋਦੀ ਦੀ ਤਾਕਤ ਨਾਲ ਨਹੀਂ''
Wednesday, Jan 30, 2019 - 04:50 PM (IST)

ਸੂਰਤ (ਵਾਰਤਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਵ ਬੁੱਧਵਾਰ ਨੂੰ ਲੋਕਾਂ ਨੂੰ ਪੂਰਨ ਬਹੁਮਤ ਦੀ ਸਰਕਾਰ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਅਜਿਹਾ ਹੋਣ ਕਾਰਨ ਹੀ ਉਨ੍ਹਾਂ ਦੀ ਸਰਕਾਰ ਨੇ ਸਿਰਫ 4 ਸਾਲ 'ਚ ਕਈ ਵੱਡੇ ਫੈਸਲੇ ਕਰ ਕੇ ਦੇਸ਼ ਨੂੰ ਅੱਗੇ ਵਧਾਇਆ ਹੈ। ਉਨ੍ਹਾਂ ਨੇ ਕਾਂਗਰਸ ਦਾ ਸਿੱਧੇ ਤੌਰ 'ਤੇ ਨਾਂ ਲਏ ਬਿਨਾਂ ਇਹ ਵੀ ਕਿਹਾ ਕਿ 6 ਦਹਾਕੇ ਦੇ ਆਪਣੇ ਸ਼ਾਸਨ ਦੌਰਾਨ ਸਿਰਫ ਆਪਣੀ ਚਿੰਤਾ ਕਰਨ ਵਾਲੇ ਲੋਕ ਹੁਣ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਹਨ ਪਰ ਉਹ ਇਸ ਦੀ ਪਰਵਾਹ ਕੀਤੇ ਬਿਨਾਂ ਨਵਾਂ ਭਾਰਤ ਬਣਾਉਣ ਵਿਚ ਜੁਟੇ ਰਹਿਣਗੇ। ਮੋਦੀ ਨੇ ਅੱਜ ਇੱਥੇ 354 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੂਰਤ ਏਅਰਪੋਰਟ ਦੇ ਨਵੇਂ ਟਰਮੀਨਲ ਦਾ ਨੀਂਹ ਪੱਥਰ ਰੱਖਿਆ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਵਿਆਪਕ ਯੋਜਨਾ ਅਤੇ ਵੱਡੇ ਫੈਸਲਿਆਂ ਦੇ ਪਿੱਛੇ ਲੋਕਾਂ ਦੇ ਵੋਟ ਨਾਲ ਬਣੀ ਪੂਰਨ ਬਹੁਮਤ ਦੀ ਸਰਕਾਰ ਸੀ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਵਿਚ ਬਦਲਾਅ ਆਪਣੀ ਵੋਟ ਦੀ ਤਾਕਤ ਕਾਰਨ ਹੋਇਆ, ਮੋਦੀ ਦੀ ਤਾਕਤ ਨਾਲ ਨਹੀਂ। 30 ਸਾਲ ਤਕ ਦੇਸ਼ ਵਿਚ ਅਸਥਿਰਤਾ ਦੀ ਦੌਰ ਰਿਹਾ। ਤ੍ਰਿਸ਼ੰਕੂ ਸਰਕਾਰਾਂ ਬਣੀਆਂ ਅਤੇ ਜੋੜ-ਤੋੜ ਵਾਲੀਆਂ ਸਰਕਾਰਾਂ ਚਲਾਈਆਂ ਗਈਆਂ, ਜਿਸ ਨਾਲ ਦੇਸ਼ ਉੱਥੇ ਦਾ ਉੱਥੇ ਅਟਕ ਗਿਆ ਅਤੇ ਕੁਝ ਗੱਲਾਂ ਵਿਚ ਤਾਂ ਪਿੱਛੇ ਚਲਾ ਗਿਆ। ਪਿਛਲੇ 4 ਸਾਲ ਵਿਚ ਅਸੀਂ ਅੱਗੇ ਵਧ ਰਹੇ ਹਾਂ, ਉਸ ਦਾ ਕਾਰਨ ਇਹ ਹੈ ਕਿ ਲੋਕਾਂ ਨੇ ਸਮਝਦਾਰੀ ਨਾਲ ਬਹੁਮਤ ਦੀ ਸਰਕਾਰ ਬਣਾਈ। ਇਸ ਨਾਲ ਦੁਨੀਆ ਵਿਚ ਵੀ ਦੇਸ਼ ਦਾ ਨਾਂ ਵਧਿਆ। ਇਕ ਵੋਟਰ ਜਦੋਂ ਆਪਣੇ ਵੋਟ ਦੀ ਤਾਕਤ ਸਮਝਦਾ ਹੈ ਤਾਂ ਦੇਸ਼ ਕਿਵੇਂ ਅੱਗੇ ਵਧਦਾ ਹੈ, ਉਹ ਪਿਛਲੇ 4 ਸਾਲ ਵਿਚ ਅਸੀਂ ਦੇਖਿਆ ਹੈ।
ਮੋਦੀ ਨੇ ਕਿਹਾ ਕਿ ਉਹ ਸਾਰਿਆਂ ਦਾ ਸਾਥ ਅਤੇ ਸਾਰਿਆਂ ਦਾ ਵਿਕਾਸ ਦਾ ਮੰਤਰ ਲੈ ਕੇ ਕੰਮ ਕਰਨ ਵਾਲੇ ਹਨ। ਅਸੀਂ ਪੁਰਾਣੀ ਵਿਵਸਥਾ ਦੀ ਪੂਰੀ ਕਮੀਆਂ ਨੂੰ ਦੂਰ ਕਰਨ ਅਤੇ ਨਵਾਂ ਭਾਰਤ ਬਣਾਉਣ ਵਿਚ ਪੂਰੀ ਤਾਕਤ ਨਾਲ ਲੱਗੇ ਹਾਂ ਪਰ ਉੱਥੇ ਕੁਝ ਲੋਕ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਹਨ। ਇਹ ਉਹ ਹੀ ਲੋਕ ਹਨ, ਜਿਨ੍ਹਾਂ ਨੇ ਬੀਤੇ 6 ਦਹਾਕੇ ਵਿਚ ਦੇਸ਼ ਦੀ ਨਹੀਂ ਸਿਰਫ ਆਪਣੀ ਚਿੰਤਾ ਕੀਤੀ। ਉਹ ਲੋਕ ਹੁਣ ਦੇਸ਼ ਦੇ ਵਿਕਾਸ ਨੂੰ ਨਹੀਂ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਦੁਨੀਆ ਵਿਚ 10 ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋਣ ਵਾਲੇ ਸ਼ਹਿਰ ਭਾਰਤ ਵਿਚ ਹਨ ਅਤੇ ਇਨ੍ਹਾਂ ਵਿਚ ਸਭ ਤੋਂ ਉੱਪਰ ਸੂਰਤ ਹੈ। ਮੋਦੀ ਨੇ ਕਿਹਾ ਕਿ 1800 ਯਾਤਰੀ ਸਮਰੱਥਾ ਵਾਲੇ ਨਵੇਂ ਟਰਮੀਨਲ ਦੇ ਨਿਰਮਾਣ ਤੋਂ ਬਾਅਦ ਗੁਜਰਾਤ ਦੇ ਸਭ ਤੋਂ ਰੁੱਝੇ ਏਅਰਪੋਰਟ ਸੂਰਤ ਦੀ ਯਾਤਰਾ ਸਮਰੱਥਾ ਸਾਲਾਨਾ 4 ਲੱਖ ਤੋਂ ਵਧ ਕੇ 26 ਲੱਖ ਹੋ ਜਾਵੇਗੀ।