ਵਾਤਾਵਰਣ ਨੂੰ ਨੁਕਸਾਨ ਪਹੁੰਚਾਏ ਬਿਨਾਂ ਵਿਕਾਸ ਯਕੀਨੀ ਕਰਾਂਗੇ : PM ਮੋਦੀ

02/18/2020 11:12:19 AM

ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਾਤਾਵਰਣ ਨੂੰ ਨੁਕਸਾਨ ਪਹੁੰਚਾਏ ਬਿਨਾਂ ਵਿਕਾਸ ਨੂੰ ਯਕੀਨੀ ਬਣਾਉਣ ਲਈ ਟਿਕਾਊ ਵਿਕਾਸ ਦੇ ਮਾਰਗ 'ਤੇ ਚੱਲਣ 'ਚ ਮਜ਼ਬੂਤ ਵਿਸ਼ਵਾਸ ਰੱਖਦੀ ਹੈ। ਮੋਦੀ ਨੇ ਜੰਗਲੀ ਜੀਵਾਂ ਦੀਆਂ ਪ੍ਰਵਾਸੀ ਪ੍ਰਜਾਤੀਆਂ ਦੀ ਸਾਂਭ-ਸੰਭਾਲ ਨੂੰ ਲੈ ਕੇ ਗੁਜਰਾਤ ਦੇ ਗਾਂਧੀਨਗਰ 'ਚ ਆਯੋਜਿਤ ਸੀ. ਓ. ਪੀ. (ਕਾਨਫਰੰਸ ਆਫ ਪਾਰਟੀਜ਼) ਦੇਸ਼ਾਂ ਦੇ 13ਵੇਂ ਸੰਮੇਲਨ ਨੂੰ ਦਿੱਲੀ ਤੋਂ ਵੀਡੀਓ ਕਾਨਫਰੈਂਸਿੰਗ ਜ਼ਰੀਏ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਉਨ੍ਹਾਂ ਦੇਸ਼ਾਂ 'ਚੋਂ ਇਕ ਹੈ, ਜੋ ਗਲੋਬਲ ਵਾਰਮਿੰਗ ਨੂੰ ਦੋ ਡਿਗਰੀ ਸੈਲਸੀਅਸ ਦੀ ਕਮੀ ਲਿਆਉਣ ਸੰਬੰਧੀ ਪੈਰਿਸ ਸਮਝੌਤੇ ਦੇ ਟੀਚੇ ਦੀ ਪ੍ਰਾਪਤੀ ਲਈ ਗੰਭੀਰ ਕਦਮ ਚੁੱਕ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ, ਜਲਵਾਯੂ ਤਬਦੀਲੀ ਦੀ ਚੁਣੌਤੀ ਨੂੰ ਪੂਰਾ ਕਰਨ ਲਈ ਵਾਤਾਵਰਣ ਦੀ ਸੰਭਾਲ, ਟਿਕਾਊਪਣ ਦੀ ਜੀਵਨਸ਼ੈਲੀ ਅਤੇ ਹਰਿਤ (ਗਰੀਨ) ਵਿਕਾਸ ਮਾਡਲ ਦੀਆਂ ਕਦਰਾਂ-ਕੀਮਤਾਂ 'ਤੇ ਆਧਾਰਿਤ ਨੀਤੀਆਂ ਦੇ ਹੱਕ 'ਚ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਮੱਧ ਏਸ਼ੀਆਈ ਦੇਸ਼ਾਂ ਦੇ ਹਵਾਈ ਮਾਰਗ 'ਚ ਪ੍ਰਵਾਸੀ ਪੰਛੀਆਂ ਨੂੰ ਸੁਰੱਖਿਅਤ ਰੱਖਣ ਲਈ ਰਾਸ਼ਟਰੀ ਕਾਰਜ ਯੋਜਨਾ ਤਿਆਰ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਰੀ ਸਰਕਾਰ ਮਜ਼ਬੂਤ ਵਿਕਾਸ 'ਚ ਵਿਸ਼ਵਾਸ ਕਰਦੀ ਹੈ। ਅਸੀਂ ਇਹ ਯਕੀਨੀ ਕਰ ਰਹੇ ਹਾਂ ਕਿ ਵਾਤਾਵਰਣ ਨੂੰ ਨੁਕਸਾਨ ਪਹੁੰਚਾਏ ਬਿਨਾਂ ਵਿਕਾਸ ਹੋਵੇ। ਇਸ ਦਾ ਸਲੋਗਨ ਥੀਮ ਹੈ 'ਪ੍ਰਵਾਸੀ ਜੀਵਾਂ ਦੀਆਂ ਕਿਸਮਾਂ ਧਰਤੀ ਨੂੰ ਜੋੜਦੀਆਂ ਹਨ', ਆਓ ਇਕਜੁੱਟ ਹੋ ਕੇ ਉਨ੍ਹਾਂ ਦਾ ਆਪਣੇ ਘਰ ਸਵਾਗਤ ਕਰੀਏ। ਮੋਦੀ ਨੇ ਕਿਹਾ ਕਿ ਭਾਰਤ ਨੂੰ ਇਸ ਸੰਮੇਲਨ ਦੀ ਅਗਲੇ 3 ਸਾਲ ਪ੍ਰਧਾਨਗੀ ਕਰਨੀ ਹੈ, ਜਿਸ ਦੇ ਮੱਦੇਨਜ਼ਰ ਦੇਸ਼ ਨੇ ਮੱਧ ਏਸ਼ੀਆਈ ਦੇਸ਼ਾਂ 'ਚੋਂ ਲੰਘ ਰਹੇ ਪ੍ਰਵਾਸੀ ਪੰਛੀਆਂ ਦੀ ਰੱਖਿਆ ਦਾ ਕੰਮ ਚੁੱਕਿਆ ਹੈ। ਸੰਮੇਲਨ ਦਾ ਹਿੱਸਾ ਰਹੇ ਜੰਗਲਾਤ ਅਤੇ ਜਲਵਾਯੂ ਤਬਦੀਲੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਸਾਨੂੰ ਕੁਦਰਤ ਦੀ ਸੰਭਾਲ 'ਚ ਲੋਕਾਂ ਦੀ ਹਿੱਸੇਦਾਰੀ ਨੂੰ ਯਕੀਨੀ ਬਣਾਉਣਾ ਹੈ। ਸਿਰਫ ਲੋਕਾਂ ਦੀ ਹਿੱਸੇਦਾਰੀ ਨਾਲ ਹੀ ਸਾਡੇ ਗ੍ਰਹਿ ਨੂੰ ਬਚਾਇਆ ਜਾ ਸਕਦਾ ਹੈ। ਮੈਨੂੰ ਯਕੀਨ ਹੈ ਕਿ ਸੀ. ਓ. ਪੀ. ਦੀ ਇਸ ਕਾਨਫਰੰਸ 'ਚ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇਗਾ।


Tanu

Content Editor

Related News