ਲੋਕਾਂ ਨੂੰ ਸਿਹਤਮੰਦ ਬਣਾਈ ਰੱਖਣ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ : ਮੋਦੀ
Monday, Mar 16, 2020 - 06:00 PM (IST)
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਇਕਜੁਟ ਕਦਮ ਚੁੱਕੇ ਜਾ ਰਹੇ ਹਨ ਅਤੇ ਲੋਕ ਸਿਹਤਮੰਦ ਰਹਿਣ, ਇਹ ਯਕੀਨੀ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਮੋਦੀ ਨੇ ਕੋਰੋਨਾ ਵਾਇਰਸ ਨਾਲ ਮੁਕਾਬਲਾ ਕਰਨ 'ਚ ਡਾਕਟਰਾਂ, ਨਰਸਾਂ ਅਤੇ ਸਿਹਤ ਕਰਮਚਾਰੀਆਂ ਦੀ ਮਿਹਨਤ ਅਤੇ ਯੋਗਦਾਨ ਦੀ ਸ਼ਲਾਘਾ ਕੀਤੀ।
ਹੈਸ਼ਟੈਗ ਇੰਡੀਆ ਫਾਈਟਸ ਕੋਰੋਨਾ ਨਾਲ ਸੰਬੰਧਤ ਟਵੀਟ 'ਚ ਮੋਦੀ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਨਜਿੱਠਣ 'ਚ ਚੁੱਕੇ ਗਏ ਕਦਮਾਂ ਨੂੰ ਲੋਕਾਂ ਵਲੋਂ ਰੇਖਾਂਕਿਤ ਕਰਨ ਨਾਲ ਡਾਕਟਰਾਂ, ਨਰਸਾਂ, ਨਗਰਪਾਲਿਕਾ ਕਰਮਚਾਰੀਆਂ, ਹਵਾਈ ਅੱਡਾ ਕਰਮਚਾਰੀਆਂ ਦਾ ਮਨੋਬਲ ਵਧਦਾ ਹੈ। ਇਕ ਵਿਅਕਤੀ ਨੇ ਟਵੀਟ ਕੀਤਾ ਸੀ ਕਿ ਉਨ੍ਹਾਂ ਨੇ ਆਪਣੀਆਂ ਸਾਰੀਆਂ ਬੈਠਕਾਂ ਅਤੇ ਕਾਰੋਬਾਰੀ ਯਾਤਰਾਵਾਂ ਰੱਦ ਕਰ ਦਿੱਤੀਆਂ ਹਨ। ਇਸ 'ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ,''ਬੁੱਧੀਮਤਾਪੂਰਨ ਫੈਸਲਾ। ਗੈਰ-ਜ਼ਰੂਰੀ ਯਾਤਰਾਵਾਂ ਤੋਂ ਬਚਣਾ ਅਤੇ ਸਮਾਜਿਕ ਪ੍ਰੋਗਰਾਮਾਂ ਨੂੰ ਘੱਟੋ-ਘੱਟ ਕਰਨ ਸਵਾਗਤ ਯੋਗ ਕਦਮ ਹੈ।''
ਮੋਦੀ ਨੇ ਕੋਰੋਨਾ ਵਾਇਰਸ ਵਿਰੁੱਧ ਲੜਾਈ 'ਤੇ ਕਿਹਾ ਕਿ ਲੋਕ ਸਿਹਤਮੰਦ ਰਹਿਣ, ਇਹ ਯਕੀਨੀ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਜ਼ਿੰਮੇਵਾਰ ਨਾਗਰਿਕ ਇਸ ਲੜਾਈ 'ਚ ਸਾਡੀ ਤਾਕਤ ਹੈ। ਉਨ੍ਹਾਂ ਨੇ ਕਿਹਾ,''ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੇ ਨਾਗਰਿਕ ਅਜਿਹਾ ਕੁਝ ਨਹੀਂ ਕਰਨਗੇ, ਜਿਸ ਨਾ ਦੂਜਿਆਂ ਲਈ ਖਤਰਾ ਪੈਦਾ ਹੋਵੇ। ਕੋਵਿਡ-19 ਨਾਲ ਨਜਿੱਠਣ ਲਈ ਸਾਡੇ ਡਾਕਟਰ, ਨਰਸ, ਸਿਹਤ ਕਰਮਚਾਰੀ ਮਿਹਨਤ ਕਰ ਰਹੇ ਹਨ, ਅਸੀਂ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹਾਂ।'' ਮੋਦੀ ਨੇ ਕੋਰੋਨਾ ਵਾਇਰਸ ਵਿਰੁੱਧ ਲੜਾਈ 'ਤੇ ਕਿਹਾ ਕਿ ਇਹ ਸਾਰਿਆਂ ਦੀ ਇਕਜੁਟ ਪ੍ਰਤੀਕਿਰਿਆ ਹੈ, ਇਹ ਅਜਿਹੀਆਂ ਸਥਿਤੀਆਂ 'ਚ ਸਾਡੇ ਰਾਸ਼ਟਰ ਦੇ ਦ੍ਰਿੜ ਭਾਵ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਹ ਯਕੀਨੀ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੇ ਸਿਹਤਮੰਦ ਰਹਿਣ ਅਤੇ ਜਿਨ੍ਹਾਂ 'ਚ ਲੱਛਣ ਦਿੱਸ ਰਹੇ ਹਨ, ਉਨ੍ਹਾਂ ਦਾ ਉੱਚਿਤ ਇਲਾਜ ਹੋਵੇ।