ਭਾਜਪਾ ਚੋਣਾਂ ਜਿੱਤਣ ਵਾਲੀ ਮਸ਼ੀਨ ਨਹੀਂ ਸਗੋਂ ਦਿਲ ਜਿੱਤਣ ਵਾਲੀ ਇਕ ਮੁਹਿੰਮ ਹੈ : ਨਰਿੰਦਰ ਮੋਦੀ

04/06/2021 1:09:47 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਜਪਾ ਚੋਣਾਂ ਜਿੱਤਣ ਦੀ ਮਸ਼ੀਨ ਨਹੀਂ ਸਗੋਂ ਦੇਸ਼ਵਾਸੀਆਂ ਦਾ ਦਿਲ ਜਿੱਤਣ ਵਾਲੀ ਨਿਰੰਤਰ ਮੁਹਿੰਮ ਹੈ ਅਤੇ ਭਾਜਪਾ ਦੀਆਂ ਸਰਕਾਰਾਂ ਦਾ ਮਤਲਬ ਰਾਸ਼ਟਰ ਨਿਰਮਾਣ, ਸਹੀ ਨੀਤੀ, ਸਾਫ਼ ਨੀਅਤ ਅਤੇ ਸਟੀਕ ਫ਼ੈਸਲਾ ਹੈ। ਭਾਜਪਾ ਦੇ ਸਥਾਪਨਾ ਦਿਵਸ ਮੌਕੇ ਪਾਰਟੀ ਵਰਕਰਾਂ ਨੂੰ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਭਾਜਪਾ ਦਾ ਮਤਲਬ ਪਰਿਵਾਰਵਾਦ ਦੀ ਰਾਜਨੀਤੀ ਤੋਂ ਮੁਕਤੀ ਅਤੇ ਸੁਸ਼ਾਸਨ ਹੈ। ਕੇਂਦਰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਕਲਿਆਣਕਾਰੀ ਯੋਜਨਾਵਾਂ ਦਾ ਵਿਸਥਾਰ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰ ਦੇ ਪ੍ਰਦਰਸ਼ਨ ਦਾ ਮਾਪਦੰਡ ਉਸ ਦੇ ਐਲਾਨਾਂ ਦਾ ਹੁੰਦਾ ਸੀ ਪਰ ਪਿਛਲੇ ਕੁਝ ਸਾਲਾਂ 'ਚ ਇਹ ਧਾਰਨਾ ਬਦਲੀ ਹੈ ਅਤੇ ਹੁਣ ਸਰਕਾਰਾਂ ਦਾ ਮੁਲਾਂਕਣ ਕੇਂਦਰ ਦੀਆਂ ਯੋਜਨਾਵਾਂ ਦਾ ਜ਼ਮੀਨ ਤੱਕ ਪਹੁੰਚਣ ਨਾਲ ਹੋ ਰਿਹਾ ਹੈ। ਉਨ੍ਹਾਂ ਕਿਹਾ,''ਆਖ਼ਰੀ ਨੰਬਰ 'ਤੇ ਖੜ੍ਹੇ ਇਨਸਾਨ ਤੱਕ ਸਰਕਾਰ ਦੀਆਂ ਯੋਜਨਾਵਾਂ ਨੂੰ ਪਹੁੰਚਾਉਣਾ ਅਤੇ ਹੱਕਕਦਾਰ ਤੱਕ ਉਸ ਦਾ ਹੱਕ ਪਹੁੰਚਾਉਣਾ ਸਾਡੀ ਸਰਕਾਰ ਦੀ ਵਿਸ਼ੇਸ਼ਤਾ ਰਹੀ ਹੈ। ਇਹ ਭਾਜਪਾ ਸਰਕਾਰਾਂ ਦੇ ਕੰਮਕਾਜ ਦਾ ਮੂਲ ਮੰਤਰ ਰਿਹਾ ਹੈ।'' ਮੋਦੀ ਨੇ ਕਿਹਾ ਕਿ ਇਸ ਦੇ ਬਾਵਜੂਦ ਭਾਜਪਾ ਜਦੋਂ ਚੋਣਾਂ ਜਿੱਤਦੀ ਹੈ ਤਾਂ ਉਸ ਨੂੰ ਚੋਣ ਜਿੱਤਣ ਦੀ ਮਸ਼ੀਨ ਕਿਹਾ ਜਾਂਦਾ ਹੈ, ਜਦੋਂ ਕਿ ਦੂਜੇ ਜਿੱਤਦੇ ਹਨ ਤਾਂ ਪਾਰਟੀ ਅਤੇ ਉਨ੍ਹਾਂ ਦੇ ਨੇਤਾਵਾਂ ਦੀ ਵਾਹਵਾਹੀ ਕੀਤੀ ਜਾਂਦੀ ਹੈ।

PunjabKesariਉਨ੍ਹਾਂ ਕਿਹਾ,''ਇਸ ਤਰ੍ਹਾਂ ਦੇ 2 ਮਾਪਦੰਡ ਅਸੀਂ ਦੇਖ ਰਹੇ ਹਾਂ। ਜੋ ਲੋਕ ਕਹਿੰਦੇ ਹਨ ਕਿ ਭਾਜਪਾ ਚੋਣਾਂ ਜਿੱਤਣ ਦੀ ਮਸ਼ੀਨ ਹੈ, ਉਹ ਇਕ ਤਰ੍ਹਾਂ ਨਾਲ ਭਾਰਤ ਦੇ ਲੋਕਤੰਤਰ ਦੀ ਪਰਿਪੱਕਤਾ, ਭਾਰਤ ਦੇ ਨਾਗਰਿਕਾਂ ਦੀ ਸਮਝਦਾਰੀ ਦਾ ਆਕਲਨ ਹੀ ਨਹੀਂ ਕਰ ਪਾਉਂਦੇ ਹਨ।'' ਉਨ੍ਹਾਂ ਕਿਹਾ,''ਸੱਚਾਈ ਇਹ ਹੈ ਕਿ ਭਾਜਪਾ ਚੋਣਾਂ ਜਿੱਤਣ ਦੀ ਮਸ਼ੀਨ ਨਹੀਂ, ਦੇਸ਼ ਅਤੇ ਦੇਸ਼ਵਾਸੀਆਂ ਦਾ ਦਿਲ ਜਿੱਤਣ ਵਾਲੀ ਨਿਰੰਤਰ ਮੁਹਿੰਮ ਹੈ। ਅਸੀਂ 5 ਸਾਲਾਂ ਤੱਕ ਈਮਾਨਦਾਰੀ ਨਾਲ ਜਨਤਾ ਦੀ ਸੇਵਾ ਕਰਦੇ ਹਾਂ। ਹਰ ਸਥਿਤੀ 'ਚ ਅਸੀਂ ਜਨਤਾ ਨਾਲ ਜੁੜੇ ਰਹਿੰਦੇ ਹਾਂ। ਉਨ੍ਹਾਂ ਕਿਹਾ,''ਭਾਜਪਾ ਦੀ ਸਰਕਾਰ ਦਾ ਮਤਲਬ ਹੈ ਰਾਸ਼ਟਰ ਪਹਿਲਾਂ। ਦੇਸ਼ਹਿੱਤ ਨਾਲ ਸਮਝੌਤਾ ਨਹੀਂ ਸਗੋਂ ਦੇਸ਼ ਦੀ ਸੁਰੱਖਿਆ ਸਭ ਤੋਂ ਉੱਪਰ। ਭਾਜਪਾ ਦਾ ਮਤਲਬ ਹੈ ਵੰਸ਼ਵਾਦ, ਪਰਿਵਾਰਵਾਦ ਦੀ ਰਾਜਨੀਤੀ ਤੋਂ ਮੁਕਤੀ, ਭਾਜਪਾ ਦਾ ਮਤਲਬ ਹੈ ਯੋਗਤਾ ਨੂੰ ਮੌਕਾ, ਪਾਰਦਰਸ਼ਤਾ ਅਤੇ ਸੁਸ਼ਾਸਨ। ਭਾਜਪਾ ਦਾ ਮਤਲਬ ਹੈ ਸਭ ਕਾ ਸਾਥ, ਸਭ ਕਾ ਵਿਕਾਸ ਅਤੇ ਸਭ ਕਾ ਵਿਸ਼ਵਾਸ।'' ਉਨ੍ਹਾਂ ਕਿਹਾ,''ਅਸੀਂ ਹਰ ਭਾਸ਼ਾ, ਖੇਤਰ ਅਤੇ ਸਾਰੇ ਦੇਸ਼ਵਾਸੀਆਂ ਨੂੰ ਜੋੜ ਕੇ ਅੱਗੇ ਵੱਧ ਰਹੇ ਹਾਂ। ਅੱਜ ਭਾਜਪਾ ਨਾਲ ਗਰੀਬ ਵੀ ਜੁੜਿਆ ਹੈ, ਮੱਧਮ ਵਰਗ ਵੀ ਸਾਡੇ ਨਾਲ ਹੈ। ਅਸੀਂ ਸ਼ਹਿਰ 'ਚ ਵੀ ਹਾਂ ਅਤੇ ਪਿੰਡ 'ਚ ਵੀ ਹਾਂ। ਭਾਜਪਾ ਅੱਜ ਰਾਸ਼ਟਰਹਿੱਤ ਦੀ ਵੀ ਪਾਰਟੀ ਹੈ ਅਤੇ ਖੇਤਰੀ ਇੱਛਾਵਾਂ ਦੀ ਵੀ ਪਾਰਟੀ ਹੈ।''

ਇਹ ਵੀ ਪੜ੍ਹੋ : ਕੇਜਰੀਵਾਲ ਨੇ ਮੋਦੀ ਨੂੰ ਲਿਖੀ ਚਿੱਠੀ, ਟੀਕਾਕਰਨ ਸਬੰਧੀ ਨਿਯਮਾਂ ’ਚ ਛੋਟ ਦੇਣ ਦੀ ਕੀਤੀ ਬੇਨਤੀ


DIsha

Content Editor

Related News