ਕੇਦਾਰਨਾਥ ਤੋਂ ਬਾਅਦ ਬਦਰੀਨਾਥ ਧਾਮ ਪੁੱਜੇ ਮੋਦੀ, ਕੀਤੀ ਪੂਜਾ
Sunday, May 19, 2019 - 12:16 PM (IST)

ਦੇਹਰਾਦੂਨ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਦਾਰਨਾਥ ਤੋਂ ਬਾਅਦ ਐਤਵਾਰ ਨੂੰ ਬਦਰੀਨਾਥ ਮੰਦਰ ਪੁੱਜੇ। ਉਨ੍ਹਾਂ ਨੇ ਬਦਰੀਨਾਥ ਮੰਦਰ ਵਿਚ ਭਗਵਾਨ ਬਦਰੀ ਦੇ ਦਰਸ਼ਨ ਕੀਤੇ ਅਤੇ ਪੂਜਾ ਕੀਤੀ। ਸਵੇਰੇ ਕੇਦਾਰਨਾਥ ਦੇ ਦਰਸ਼ਨ ਕਰਨ ਤੋਂ ਬਾਅਦ ਮੋਦੀ ਬਦਰੀਨਾਥ ਪਹੁੰਚੇ। ਮੰਦਰ ਕੰਪਲੈਕਸ ਵਿਚ ਪ੍ਰਵੇਸ਼ ਕਰਨ 'ਤੇ ਮੰਦਰ ਦੇ ਪੁਜਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਤੋਂ ਬਾਅਦ ਮੋਦੀ ਨੇ ਮੰਦਰ ਦੇ ਗਰਭ ਗ੍ਰਹਿ ਜਾ ਕੇ ਭਗਵਾਨ ਵਿਸ਼ਨੂੰ ਦੀ ਪੂਜਾ ਕੀਤੀ। ਮੰਦਰ ਕੰਪਲੈਕਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਅਤੇ ਸਥਾਨਕ ਜਨਤਾ ਮੌਜੂਦ ਸੀ, ਜਿਨ੍ਹਾਂ ਦਾ ਮੋਦੀ ਨੇ ਹੱਥ ਹਿਲਾ ਕੇ ਸਵਾਗਤ ਕੀਤਾ।
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਅਤੇ 19 ਮਈ ਦੋ ਦਿਨਾਂ ਉੱਤਰਾਖੰਡ ਦੌਰੇ 'ਤੇ ਆਏ ਹਨ। ਮੋਦੀ ਦਾ ਇਹ ਦੌਰਾ ਪੂਰੀ ਤਰ੍ਹਾਂ ਅਧਿਆਤਿਮਕ ਹੈ। ਕੱਲ ਮੋਦੀ ਕੇਦਾਰਨਾਥ ਪੁੱਜੇ, ਜਿੱਥੇ ਉਹ ਭਗਵਾਨ ਸ਼ਿਵ ਦੇ ਦਰਸ਼ਨ ਕਰਨ ਮਗਰੋਂ ਕੇਦਾਰਨਾਥ ਨੇੜੇ ਸਥਿਤ ਪਵਿੱਤਰ ਗੁਫਾ ਵਿਚ ਧਿਆਨ 'ਤੇ ਬੈਠੇ। ਇੱਥੇ ਦੱਸ ਦੇਈਏ ਕਿ ਦੇਸ਼ 'ਚ ਲੋਕ ਸਭਾ ਚੋਣਾਂ ਲਈ ਪ੍ਰਚਾਰ ਕਰਨ ਮਗਰੋਂ ਮੋਦੀ ਉੱਤਰਾਖੰਡ ਪੁੱਜੇ। ਇਸ ਲਈ ਮੋਦੀ ਨੇ ਚੋਣ ਕਮਿਸ਼ਨ ਤੋਂ ਬਕਾਇਦਾ ਇਜਾਜ਼ਤ ਮੰਗੀ ਸੀ।