ਭਾਰਤ ’ਚ 3.2 ਲੱਖ ਕਰੋੜ ਨਿਵੇਸ਼ ਕਰੇਗਾ ਜਾਪਾਨ; 6 ਸਮਝੌਤਿਆਂ ’ਤੇ ਕੀਤੇ ਹਸਤਾਖਰ

03/20/2022 10:32:20 AM

ਨਵੀਂ ਦਿੱਲੀ (ਭਾਸ਼ਾ)– ਜਾਪਾਨ ਦੇ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਨੇ ਭਾਰਤ ਦੌਰੇ ’ਤੇ ਦਿੱਲੀ ਸਥਿਤ ਹੈਦਰਾਬਾਦ ਹਾਊਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਦਰਮਿਆਨ ਕਈ ਮੁੱਦਿਆਂ ’ਤੇ ਗੱਲਬਾਤ ਹੋਈ। ਇਸ ਤੋਂ ਬਾਅਦ 14ਵੇਂ ਭਾਰਤ-ਜਾਪਾਨ ਸਾਲਾਨਾ ਸਿਖਰ ਸੰਮੇਲਨ ਵਿਚ ਭਾਰਤ ਅਤੇ ਜਾਪਾਨ ਦਰਮਿਆਨ 6 ਸਮਝੌਤਿਆਂ ’ਤੇ ਹਸਤਾਖਰ ਕੀਤੇ ਗਏ। ਇਸ ਵਿਚ ਮੁੱਖ ਤੌਰ ’ਤੇ ਜਾਪਾਨ ਨੇ ਪੂਰਬੀ-ਉੱਤਰੀ ਖੇਤਰ ਲਈ ਸਮੁੱਚੇ ਵਿਕਾਸ ਦੀ ਪਹਿਲ, ਸਵੱਛ ਊਰਜਾ ਭਾਈਵਾਲੀ ਦਾ ਐਲਾਨ ਕੀਤਾ।

PunjabKesari

ਇਸ ਦੌਰਾਨ ਕਿਸ਼ਿਦਾ ਨੇ ਐਲਾਨ ਕੀਤਾ ਕਿ ਜਾਪਾਨ ਅਗਲੇ 5 ਸਾਲਾਂ ਵਿਚ ਭਾਰਤ ਵਿਚ 3.2 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰੇਗਾ। ਉਨ੍ਹਾਂ ਕਿਹਾ ਕਿ ਅੱਜ ਪੂਰੀ ਦੁਨੀਆ ਕਈ ਘਟਨਾਵਾਂ ਕਾਰਨ ਹਿਲ ਗਈ ਹੈ, ਭਾਰਤ ਅਤੇ ਜਾਪਾਨ ਦਰਮਿਆਨ ਮਜ਼ਬੂਤ ਭਾਈਵਾਲੀ ਹੋਣੀ ਬਹੁਤ ਜ਼ਰੂਰੀ ਹੈ। ਜਾਪਾਨੀ ਪ੍ਰਧਾਨ ਮੰਤਰੀ ਨੇ ਯੂਕ੍ਰੇਨ ’ਤੇ ਰੂਸੀ ਹਮਲੇ ਦੀ ਨਿੰਦਾ ਕੀਤੀ। ਉਹ ਬੋਲੇ ਕਿ ਤਾਕਤ ਦੀ ਵਰਤੋਂ ਕਰ ਕੇ ਮੌਜੂਦਾ ਹਾਲਾਤ ਨੂੰ ਬਦਲਣ ਦੇ ਇਕਪਾਸੜ ਯਤਨਾਂ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ। ਸਾਨੂੰ ਕੌਮਾਂਤਰੀ ਕਾਨੂੰਨ ਦੇ ਆਧਾਰ ’ਤੇ ਸ਼ਾਂਤੀਪੂਰਨ ਹੱਲ ਦੀ ਲੋੜ ਹੈ। ਦੋਵਾਂ ਦੇਸ਼ਾਂ ਨੂੰ ਖੁੱਲ੍ਹੇ ਅਤੇ ਮੁਕਤ ਹਿੰਦ-ਪ੍ਰਸ਼ਾਂਤ ਲਈ ਯਤਨ ਵਧਾਉਣੇ ਚਾਹੀਦੇ ਹਨ।

PunjabKesari

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਾਪਾਨ ਦੇ ਪੀ. ਐੱਮ. ਸਾਡੇ ਪੁਰਾਣੇ ਦੋਸਤ ਹਨ। ਤਰੱਕੀ, ਖੁਸ਼ਹਾਲੀ ਅਤੇ ਭਾਈਵਾਲੀ ਭਾਰਤ-ਜਾਪਾਨ ਸੰਬੰਧਾਂ ਦੇ ਆਧਾਰ ਹਨ। ਅਸੀਂ ਭਾਰਤ ਵਿਚ ਜਾਪਾਨੀ ਕੰਪਨੀਆਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਲਈ ਵਚਨਬੱਧ ਹਾਂ। ਜਾਪਾਨ ਭਾਰਤ ਵਿਚ ਸਭ ਤੋਂ ਵੱਡੇ ਨਿਵੇਸ਼ਕਾਂ ਵਿਚੋਂ ਇਕ ਹੈ। ਚਰਚਾ ਵਿਚ ਅਸੀਂ ਆਪਸੀ ਸਹਿਯੋਗ ਨੂੰ ਨਵੀਆਂ ਉਚਾਈਆਂ ਤੱਕ ਲਿਜਾਣ ਦਾ ਰਾਹ ਸਾਫ ਕੀਤਾ। ਅਸੀਂ ਦੋ-ਪੱਖੀ ਮੁੱਦਿਆਂ ਤੋਂ ਇਲਾਵਾ ਕਈ ਖੇਤਰੀ ਅਤੇ ਸੰਸਾਰਿਕ ਮੁੱਦਿਆਂ ’ਤੇ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਅਸੀਂ ਯੂਨਾਈਟਿਡ ਨੇਸ਼ਨ ਅਤੇ ਹੋਰ ਕੌਮਾਂਤਰੀ ਮੰਚਾਂ ’ਤੇ ਵੀ ਆਪਣਾ ਤਾਲਮੇਲ ਵਧਾਉਣ ਦਾ ਫੈਸਲਾ ਲਿਆ।

PunjabKesari

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਜਾਪਾਨ ਦੋਵੇਂ ਹੀ ਸੁਰੱਖਿਅਤ, ਭਰੋਸੇਮੰਦ ਅਤੇ ਸਥਿਰ ਐਨਰਜੀ ਸਪਲਾਈ ਦੇ ਮਹੱਤਵ ਨੂੰ ਸਮਝਦੇ ਹਨ। ਇਹ ਸਥਿਰ ਇਕੋਨਾਮਿਕ ਗ੍ਰੋਥ ਦੇ ਟੀਚੇ ਨੂੰ ਹਾਸਲ ਕਰਨ ਅਤੇ ਕਲਾਈਮੇਟ ਚੇਂਜ ਦੀ ਸਮੱਸਿਆ ਨਾਲ ਨਜਿੱਠਣ ਲਈ ਜ਼ਰੂਰੀ ਹੈ। ਸਾਡੀ ਕਲੀਨ ਐਨਰਜੀ ਪਾਰਟਨਰਸ਼ਿਪ ਇਸ ਦਿਸ਼ਾ ਵਿਚ ਲਿਆ ਗਿਆ ਇਕ ਫੈਸਲਾਕੁੰਨ ਕਦਮ ਸਾਬਿਤ ਹੋਵੇਗਾ।


Tanu

Content Editor

Related News