PM ਮੋਦੀ ਨੇ ਬਿਹਾਰ ਨੂੰ ਦਿੱਤੀ ਸੌਗਾਤ, ਬੋਲੇ- ਨਿਤੀਸ਼ ਕੁਮਾਰ ਨੇ ਨਵੇਂ ਭਾਰਤ 'ਚ ਵੱਡੀ ਭੂਮਿਕਾ ਨਿਭਾਈ

09/13/2020 1:51:35 PM

ਪਟਨਾ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੈਂਸਿੰਗ ਜ਼ਰੀਏ ਅੱਜ ਯਾਨੀ ਕਿ ਐਤਵਾਰ ਨੂੰ ਬਿਹਾਰ ਨੂੰ ਤਿੰਨ ਪੈਟਰੋਲੀਅਮ ਪ੍ਰਾਜੈਕਟਾਂ ਦੀ ਸੌਗਾਤ ਦਿੱਤੀ।  ਉਨ੍ਹਾਂ ਨੇ ਪੈਟਰੋਲੀਅਮ ਖੇਤਰ ਦੇ ਤਿੰਨ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਸ ਪ੍ਰਾਜੈਕਟਾਂ ਵਿਚ ਪਾਰਾਦੀਪ-ਹਲਦੀਆ-ਦੁਰਗਾਪੁਰ ਪਾਈਪਲਾਈਨ ਦਾ ਬਾਂਕਾ ਤਕ ਵਿਸਥਾਰ, ਬਾਂਕਾ ਅਤੇ ਚੰਪਾਰਣ ਜ਼ਿਲ੍ਹੇ 'ਚ 2 ਐੱਲ. ਪੀ. ਜੀ. ਬਾਟਲਿੰਗ ਪਲਾਂਟ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗੈਸ ਪਾਈਪਲਾਈਨ ਪ੍ਰਾਜੈਕਟ ਨਾਲ ਬਿਹਾਰ 'ਚ ਖਾਦ, ਬਿਜਲੀ ਅਤੇ ਇਸਪਾਤ ਖੇਤਰ ਦੇ ਉਦਯੋਗਾਂ ਨੂੰ ਹੱਲਾ-ਸ਼ੇਰੀ ਮਿਲੇਗੀ ਅਤੇ ਸੀ. ਐੱਨ. ਜੀ. ਆਧਾਰਿਤ ਸਵੱਛ ਆਵਾਜਾਈ ਪ੍ਰਣਾਲੀ ਦਾ ਵੀ ਲਾਭ ਹੋਵੇਗਾ, ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਇਸ ਮੌਕੇ ਬਿਹਾਰ ਦੇ ਰਾਜਪਾਲ ਫਾਗੂ ਚੌਹਾਨ, ਸੂਬੇ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਕੇਂਦਰੀ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਵੀ ਮੌਜੂਦ ਸਨ। 

ਪ੍ਰੋਗਰਾਮ ਵਿਚ ਲੋਕਾਂ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਨਿਤੀਸ਼ ਕੁਮਾਰ ਨੇ ਨਵੇਂ ਭਾਰਤ ਅਤੇ ਨਵੇਂ ਬਿਹਾਰ ਲਈ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਜਦੋਂ ਬਿਹਾਰ ਲਈ ਵਿਸ਼ੇਸ਼ ਪੈਕੇਜ ਦਾ ਐਲਾਨ ਕੀਤਾ ਸੀ, ਤਾਂ ਉਸ 'ਚ ਫੋਕਸ ਸੂਬੇ ਦੇ ਇੰਫਰਾਸਟ੍ਰਕਚਰ 'ਤੇ ਸੀ। ਮੈਨੂੰ ਖੁਸ਼ੀ ਹੈ ਕਿ ਇਸ ਨਾਲ ਜੁੜੇ ਇਕ ਮਹੱਤਵਪੂਰਨ ਗੈਸ ਪਾਈਪਲਾਈਨ ਪ੍ਰਾਜੈਕਟ ਦੇ ਦੁਰਗਾਪੁਰ-ਬਾਂਕਾ ਸੈਕਸ਼ਨ ਦਾ ਉਦਘਾਟਨ ਕਰਨ ਦਾ ਮੌਕਾ ਮੈਨੂੰ ਮਿਲਿਆ ਹੈ। ਉੱਜਵਲਾ ਯੋਜਨਾ ਦੀ ਵਜ੍ਹਾ ਤੋਂ ਅੱਜ ਦੇਸ਼ ਦੇ 8 ਕਰੋੜ ਗਰੀਬ ਪਰਿਵਾਰਾਂ ਕੋਲ ਵੀ ਗੈਸ ਕੁਨੈਕਸ਼ਨ ਹਨ। ਇਸ ਯੋਜਨਾ ਨਾਲ ਗਰੀਬ ਦੀ ਜ਼ਿੰਦਗੀ 'ਚ ਕੀ ਬਦਲਾਅ ਆਇਆ ਹੈ, ਇਹ ਕੋਰੋਨਾ ਮਹਾਮਾਰੀ ਦੌਰਾਨ ਅਸੀਂ ਸਾਰਿਆਂ ਨੇ ਫਿਰ ਮਹਿਸੂਸ ਕੀਤਾ ਹੈ। 
ਬਿਹਾਰ ਸਮੇਤ ਪੂਰਬੀ ਭਾਰਤ ਵਿਚ ਨਾ ਤਾਂ ਖਰੀਦਣ ਦੀ ਸਮਰੱਥਾ ਦੀ ਕਮੀ ਹੈ ਅਤੇ ਨਾ ਹੀ ਕੁਦਰਤ ਨੇ ਇੱਥੇ ਸਾਧਨਾਂ ਦੀ ਕਮੀ ਰੱਖੀ ਹੈ। ਬਾਵਜੂਦ ਇਸ ਦੇ ਬਿਹਾਰ ਅਤੇ ਪੂਰਬੀ ਭਾਰਤ ਵਿਕਾਸ ਦੇ ਖੇਤਰ ਵਿਚ ਦਹਾਕਿਆਂ ਤੱਕ ਪਿੱਛੇ ਹੀ ਰਿਹਾ। ਇਸ ਦੇ ਪਿੱਛੇ ਦੀ ਵਜ੍ਹਾ- ਸਿਆਸੀ, ਆਰਥਿਕ ਸੀ।
ਇਕ ਸਮਾਂ ਸੀ ਜਦੋਂ ਰੇਲ, ਰੋਡ, ਇੰਟਰਨੈੱਟ ਇਹ ਸਭ ਤਰਜੀਹਾਂ ਵਿਚ ਸ਼ਾਮਲ ਸੀ ਹੀ ਨਹੀਂ। ਅੱਜ ਜਦੋਂ ਦੇਸ਼ ਦੇ ਕਈ ਸ਼ਹਿਰਾਂ ਵਿਚ ਸੀ. ਐੱਨ. ਜੀ. ਪਹੁੰਚ ਰਹੀ ਹੈ, ਤਾਂ ਬਿਹਾਰ ਦੇ ਲੋਕਾਂ ਨੂੰ ਪੂਰਬੀ ਭਾਰਤ ਦੇ ਲੋਕਾਂ ਨੂੰ ਵੀ ਇਹ ਸਹੂਲਤਾਂ ਓਨੀਆਂ ਹੀ ਆਸਾਨੀ ਨਾਲ ਮਿਲਣੀਆਂ ਚਾਹੀਦੀ ਹਨ। ਇਸੇ ਸੰਕਲਪ ਨਾਲ ਅਸੀਂ ਅੱਗੇ ਵਧੇ। 

ਦੱਸ ਦੇਈਏ ਕਿ ਜਨਤਕ ਖੇਤਰ ਦੀ ਕੰਪਨੀ ਇੰਡੀਅਨ ਆਇਲ ਵਲੋਂ ਬਣਾਇਆ ਗਿਆ 193 ਕਿਲੋਮੀਟਰ ਲੰਬਾ ਦੁਰਗਾਪੁਰ-ਬਾਂਕਾ ਪਾਈਪਲਾਈਨ ਸੈਕਸ਼ਨ, ਪਾਰਾਦੀਪ-ਹਲਦੀਆ-ਦੁਰਗਾਪੁਰ ਪਾਈਪਲਾਈਨ ਪ੍ਰਾਜੈਕਟ ਦਾ ਹਿੱਸਾ ਹੈ। ਇਸ ਲਈ ਪ੍ਰਧਾਨ ਮੰਤਰੀ ਨੇ 17 ਫਰਵਰੀ 2019 'ਚ ਨੀਂਹ ਪੱਥਰ ਰੱਖਿਆ ਸੀ। ਇਹ ਸੈਕਸ਼ਨ ਮੌਜੂਦਾ 679 ਕਿਲੋਮੀਟਰ ਲੰਬੀ ਪਾਰਾਦੀਪ-ਹਲਦੀਆ-ਦੁਰਗਾਪੁਰ ਐੱਲ. ਪੀ. ਜੀ. ਪਾਈਪਲਾਈਨ ਪ੍ਰਾਜੈਕਟ ਤਹਿਤ ਬਿਹਾਰ ਦੇ ਬਾਂਕਾ 'ਚ ਨਵੇਂ ਐੱਲ. ਪੀ. ਜੀ. ਬਾਟਲਿੰਗ ਪਲਾਂਟ ਤੱਕ ਵਿਸਥਾਰ ਹੈ। ਇਸ ਪ੍ਰਾਜੈਕਟ ਤੋਂ ਇਲਾਵਾ ਮੋਦੀ ਨੇ ਬਾਂਕਾ ਦੇ ਐੱਲ. ਪੀ. ਜੀ. ਬਾਟਲਿੰਗ ਪਲਾਂਟ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਪ੍ਰਾਜੈਕਟ ਨਾਲ ਬਿਹਾਰ ਅਤੇ ਝਾਰਖੰਡ ਦੀ ਰਸੋਈ ਗੈਸ ਦੀ ਮੰਗ ਪੂਰਾ ਕਰਨ ਵਿਚ ਮਦਦ ਮਿਲੇਗੀ। ਇਸ ਬਾਟਲਿੰਗ ਪਲਾਂਟ ਦੇ ਨਿਰਮਾਣ 'ਚ 131.75 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਇਹ ਪਲਾਂਟ ਬਿਹਾਰ ਦੇ ਭਾਗਲਪੁਰ, ਬਾਂਕਾ, ਜਮੁਈ, ਅਰਰੀਆ, ਕਿਸ਼ਨਗੰਜ ਅਤੇ ਕਟੀਹਾਰ ਜ਼ਿਲ੍ਹਿਆਂ ਦੇ ਨਾਲ-ਨਾਲ ਝਾਰਖੰਡ ਦੇ ਗੋਂਡਾ, ਦੇਵਘਰ, ਦੁਮਕਾ, ਸਾਹਿਬਗੰਜ ਅਤੇ ਪਾਕੁੜ ਜ਼ਿਲ੍ਹਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ।


Tanu

Content Editor

Related News