ਭਾਰਤ ਨੂੰ ਹਾਸਲ ਹੋਈ ਵੱਡੀ ਸਫਲਤਾ, 'ਮਿਸ਼ਨ ਸ਼ਕਤੀ' ਕੀਤਾ ਪੂਰਾ : ਪੀ. ਐੱਮ. ਮੋਦੀ
Wednesday, Mar 27, 2019 - 01:09 PM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਦੇ ਨਾਂ ਸੰਦੇਸ਼ ਜਾਰੀ ਕੀਤਾ ਗਿਆ ਹੈ। ਆਪਣੇ ਸੰਦੇਸ਼ ਵਿਚ ਉਨ੍ਹਾਂ ਨੇ ਕਿਹਾ ਕਿ ਅੱਜ 27 ਮਾਰਚ ਨੂੰ ਕੁਝ ਸਮੇਂ ਪਹਿਲਾਂ ਭਾਰਤ ਨੇ ਇਕ ਵੱਡੀ ਪ੍ਰਾਪਤੀ ਹਾਸਲ ਕੀਤੀ। ਭਾਰਤ ਨੇ ਅੱਜ ਆਪਣਾ ਨਾਂ ਪੁਲਾੜ ਮਹਾਸ਼ਕਤੀ (ਸਪੇਸ ਪਾਵਰ ਦੇ ਰੂਪ) ਵਿਚ ਦਰਜ ਕਰਵਾਇਆ। ਹੁਣ ਤਕ ਦੁਨੀਆ ਦੇ ਤਿੰਨ ਦੇਸ਼— ਅਮਰੀਕਾ, ਰੂਸ ਅਤੇ ਚੀਨ ਨੂੰ ਇਹ ਪ੍ਰਾਪਤੀ ਹਾਸਲ ਸੀ। ਹੁਣ ਭਾਰਤ ਚੌਥਾ ਦੇਸ਼ ਹੈ, ਜਿਸ ਨੇ ਅੱਜ ਇਹ ਪ੍ਰਾਪਤੀ ਹਾਸਲ ਕੀਤੀ। ਹਰ ਹਿੰਦੋਸਤਾਨੀ ਲਈ ਇਸ ਤੋਂ ਵੱਡੇ ਮਾਣ ਦਾ ਪਲ ਨਹੀਂ ਹੋ ਸਕਦਾ। ਪੀ. ਐੱਮ. ਮੋਦੀ ਨੇ ਦੱਸਿਆ ਕਿ ਕੁਝ ਸਮੇਂ ਪਹਿਲਾਂ ਸਾਡੇ ਵਿਗਿਆਨੀਆਂ ਨੇ ਪੁਲਾੜ ਵਿਚ 300 ਕਿਲੋਮੀਟਰ ਦੂਰ ਲੋਅ ਅਰਥ ਆਰਬਿਟ 'ਚ ਇਕ ਲਾਊਸ ਸੈਟੇਲਾਈਨ ਨੂੰ ਤਬਾਹ ਕੀਤਾ ਗਿਆ। ਇਸ ਨੂੰ ਮਿਸ਼ਨ ਸ਼ਕਤੀ ਦਾ ਨਾਂ ਦਿੱਤਾ ਗਿਆ। ਲਾਊਸ ਸੈਟੇਲਾਈਨ ਜੋ ਕਿ ਇਕ ਪਹਿਲਾਂ ਤੋਂ ਮਿੱਥਿਆ ਟੀਚਾ ਸੀ, ਜਿਸ ਨੂੰ ਐਂਟੀ ਸੈਟੇਲਾਈਨ ਵਲੋਂ ਤਬਾਹ ਕੀਤਾ ਗਿਆ। ਸਿਰਫ ਤਿੰਨ ਮਿੰਟ 'ਚ ਸਫਲਤਾਪੂਰਵਕ ਇਹ ਆਪਰੇਸ਼ਨ ਪੂਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਾਰਤ ਦੀ ਕੋਸ਼ਿਸ਼ ਕਿਸੇ ਦੇਸ਼ ਨੂੰ ਨੁਕਸਾਨ ਪਹੁੰਚਾਉਣ ਲਈ ਨਹੀਂ ਹੈ, ਸਗੋਂ ਕਿ ਰੱਖਿਆਤਮਕ ਰਵੱਈਆ ਅਪਣਾਉਣ ਲਈ ਹੈ।
ਮਿਸ਼ਨ ਸ਼ਕਤੀ ਇਹ ਬਹੁਤ ਮੁਸ਼ਕਲ ਆਪਰੇਸ਼ਨ ਸੀ, ਜਿਸ ਵਿਚ ਤਕਨੀਕੀ ਸਮਰੱਥਾ ਦੀ ਲੋੜ ਸੀ, ਵਿਗਿਆਨੀਆਂ ਵਲੋਂ ਇਹ ਮਿਸ਼ਨ ਸਫਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਮੈਂ ਸਾਰੇ ਵਿਗਿਆਨੀਆਂ ਨੂੰ ਵਧਾਈ ਦਿੰਦਾ ਹਾਂ। ਅੱਜ ਫਿਰ ਉਨ੍ਹਾਂ ਨੇ ਦੇਸ਼ ਦਾ ਮਾਣ ਵਧਾਇਆ ਹੈ, ਸਾਨੂੰ ਸਾਡੇ ਵਿਗਿਆਨੀਆਂ 'ਤੇ ਮਾਣ ਹੈ। ਪੁਲਾੜ ਅੱਜ ਸਾਡੀ ਜੀਵਨ ਸ਼ੈਲੀ ਦਾ ਅਹਿਮ ਹਿੱਸਾ ਬਣ ਗਿਆ ਹੈ। ਅਸੀਂ ਆਧੁਨਿਕ ਤਕਨੀਕ ਦੀ ਵਰਤੋਂ ਦੇਸ਼ ਵਾਸੀਆਂ ਲਈ ਕਰਨਾ ਚਾਹੁੰਦੇ ਹਾਂ। ਸਾਡਾ ਉਦੇਸ਼ ਸ਼ਾਂਤੀ ਬਣਾ ਕੇ ਰੱਖਣਾ ਹੈ, ਨਾ ਕਿ ਜੰਗ ਦਾ ਮਾਹੌਲ ਬਣਾਉਣਾ। ਸਾਡਾ ਆਪਰੇਸ਼ਨ ਕਿਸੇ ਸੰਧੀ ਜਾਂ ਸਮਝੌਤੇ ਦਾ ਉਲੰਘਣ ਕਰਨਾ ਨਹੀਂ ਸੀ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਯਾਨੀ ਕਿ ਅੱਜ ਆਪਣੇ ਟਵਿੱਟਰ ਹੈਂਡਲ 'ਤੇ ਟਵੀਟ ਕੀਤਾ। ਉਨ੍ਹਾਂ ਨੇ ਟਵੀਟ ਕੀਤਾ, ''ਮੇਰੇ ਪਿਆਰੇ ਦੇਸ਼ ਵਾਸੀਓ, ਅੱਜ ਸਵੇਰੇ ਲੱਗਭਗ 11.45 ਤੋਂ 12 ਵਜੇ ਮੈਂ ਇਕ ਮਹੱਤਵਪੂਰਨ ਸੰਦੇਸ਼ ਲੈ ਕੇ ਤੁਹਾਡੇ ਦਰਮਿਆਨ ਆਵਾਂਗਾ।''