ਦੇਸ਼ ਦੇ ਸਭ ਤੋਂ ਵੱਡੇ ਵਿਗਿਆਨਕ ਸੰਸਥਾ ਦੀ ਮੁਖੀ ਬਣੀ ਨੱਲਥੰਬੀ, ਜਾਣੋ ਕੌਣ ਹੈ ਇਹ ਮਹਿਲਾ

Sunday, Aug 07, 2022 - 01:28 PM (IST)

ਦੇਸ਼ ਦੇ ਸਭ ਤੋਂ ਵੱਡੇ ਵਿਗਿਆਨਕ ਸੰਸਥਾ ਦੀ ਮੁਖੀ ਬਣੀ ਨੱਲਥੰਬੀ, ਜਾਣੋ ਕੌਣ ਹੈ ਇਹ ਮਹਿਲਾ

ਨਵੀਂ ਦਿੱਲੀ- ਸੀਨੀਅਰ ਵਿਗਿਆਨੀ ਨੱਲਥੰਬੀ ਕਲਾਈਸੇਲਵੀ ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (CSIR) ਦੀ ਪਹਿਲੀ ਮਹਿਲਾ ਡਾਇਰੈਕਟਰ ਜਨਰਲ ਬਣ ਗਈ ਹੈ। CSIR ਦੇਸ਼ ਭਰ ਵਿਚ 38 ਖੋਜ ਸੰਸਥਾਵਾਂ ਦਾ ਇਕ ਸੰਘ ਹੈ। ਪਰਸੋਨਲ ਮੰਤਰਾਲੇ ਵੱਲੋਂ ਜਾਰੀ ਹੁਕਮ ਮੁਤਾਬਕ ਉਹ ਅਪ੍ਰੈਲ 'ਚ ਸੇਵਾਮੁਕਤ ਹੋਏ ਸ਼ੇਖਰ ਮਾਂਡੇ ਦੀ ਥਾਂ ਲੈਣਗੇ। ਮਾਂਡੇ ਦੀ ਸੇਵਾਮੁਕਤੀ ਤੋਂ ਬਾਅਦ ਬਾਇਓਟੈਕਨਾਲੋਜੀ ਵਿਭਾਗ ਦੇ ਸਕੱਤਰ ਰਾਜੇਸ਼ ਗੋਖਲੇ ਨੂੰ CSIR ਦਾ ਵਾਧੂ ਚਾਰਜ ਦਿੱਤਾ ਗਿਆ ਸੀ। ਕਲਾਈਸੇਲਵੀ ਵਿਗਿਆਨਕ ਅਤੇ ਉਦਯੋਗਿਕ ਖੋਜ ਵਿਭਾਗ ਦੇ ਸਕੱਤਰ ਦਾ ਕਾਰਜਭਾਰ ਵੀ ਸੰਭਾਲਣਗੇ। ਉਨ੍ਹਾਂ ਦੀ ਨਿਯੁਕਤੀ 2 ਸਾਲ ਦੀ ਮਿਆਦ ਲਈ ਹੈ।

ਕੌਣ ਹੈ ਨੱਲਥੰਬੀ ਕਲਾਈਸੇਲਵੀ

ਨੱਲਥੰਬੀ ਕਲਾਈਸੇਲਵੀ ਨੂੰ ਵਿਗਿਆਨ ਦੀ ਦੁਨੀਆ ’ਚ ਲਿਥੀਅਮ ਆਇਨ ਬੈਟਰੀ ਦੇ ਖੇਤਰ ’ਚ ਸ਼ਾਨਦਾਰ ਕੰਮ ਕਰਨ ਲਈ ਜਾਣਿਆ ਜਾਂਦਾ ਹੈ। ਉਹ ਅਜੇ ਤਾਮਿਲਨਾਡੂ ਦੇ ਕਰਾਈਕੁਡੀ ’ਚ CSIR-ਸੈਂਟਰਲ ਇਲੈਕਟ੍ਰੋਕੈਮੀਕਲ ਰਿਸਰਚ ਇੰਸਟੀਚਿਊਟ (CECRI) ਦੀ ਡਾਇਰੈਕਟਰ ਹੈ। ਕਲਾਈਸੇਲਵੀ ਨੇ CSIR ਵਿਚ ਆਪਣੀ ਨੌਕਰੀ ਸ਼ੁਰੂ ਕੀਤੀ ਅਤੇ ਸੰਸਥਾ ’ਚ ਇਕ ਚੰਗੀ ਸਾਖ ਬਣਾਈ। ਫਰਵਰੀ 2019 ’ਚ CSIR-CECRI ਦੀ ਮੁਖੀ ਬਣਨ ਵਾਲੀ ਪਹਿਲੀ ਔਰਤ ਬਣ ਗਈ। ਉਨ੍ਹਾਂ ਨੇ ਉਸੇ ਸੰਸਥਾ ਵਿਚ ਇਕ ਪ੍ਰਵੇਸ਼ ਪੱਧਰ ਦੇ ਵਿਗਿਆਨੀ ਵਜੋਂ ਖੋਜ ਵਿਚ ਆਪਣਾ ਕੈਰੀਅਰ ਸ਼ੁਰੂ ਕੀਤਾ।

ਕੀ ਹੈ ਖ਼ਾਸ ਉਪਲੱਬਧੀਆਂ-

ਤਾਮਿਲਨਾਡੂ ਦੇ ਤਿਰੂਨੇਲਵੇਲੀ ਜ਼ਿਲ੍ਹੇ ਦੇ ਛੋਟੇ ਜਿਹੇ ਕਸਬੇ ਅੰਬਾਸਮੁਦਰਮ ਦੀ ਰਹਿਣ ਵਾਲੀ ਕਲਾਈਸੇਲਵੀ ਨੇ ਆਪਣੀ ਸਕੂਲੀ ਸਿੱਖਿਆ ਤਾਮਿਲ ਮਾਧਿਅਮ ਵਿਚ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤੋਂ  ਉਸ ਨੂੰ ਕਾਲਜ ਵਿਚ ਵਿਗਿਆਨ ਦੀਆਂ ਧਾਰਨਾਵਾਂ ਨੂੰ ਸਮਝਣ ਵਿਚ ਮਦਦ ਮਿਲੀ। ਕਲਾਈਸੇਲਵੀ ਦੇ 25 ਸਾਲਾਂ ਤੋਂ ਵੱਧ ਸਮੇਂ ਦੇ ਖੋਜ ਕਾਰਜ ਮੁੱਖ ਤੌਰ 'ਤੇ ਇਲੈਕਟ੍ਰੋਕੈਮੀਕਲ ਪਾਵਰ ਪ੍ਰਣਾਲੀਆਂ, ਖਾਸ ਕਰਕੇ ਇਲੈਕਟ੍ਰੋਡਜ਼ ਦੇ ਵਿਕਾਸ 'ਤੇ ਧਿਆਨ ਕੇਂਦਰਿਤ ਕੀਤਾ ਹੈ। ਉਹ ਮੌਜੂਦਾ ਸਮੇਂ ’ਚ ਸੋਡੀਅਮ-ਆਇਨ/ਲਿਥੀਅਮ-ਸਲਫਰ ਬੈਟਰੀਆਂ ਅਤੇ ਸੁਪਰਕੈਪੀਟਰਾਂ ਦੇ ਵਿਕਾਸ 'ਤੇ ਕੰਮ ਕਰ ਰਹੀ ਹੈ। ਕਲਾਈਸੇਲਵੀ ਨੇ 'ਨੈਸ਼ਨਲ ਮਿਸ਼ਨ ਫਾਰ ਇਲੈਕਟ੍ਰਿਕ ਮੋਬਿਲਿਟੀ' ਵਿਚ ਵੀ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਦੇ ਨਾਮ 125 ਤੋਂ ਵੱਧ ਖੋਜ ਪੱਤਰ ਅਤੇ 6 ਪੇਟੈਂਟ ਹਨ।


author

Tanu

Content Editor

Related News