ਨਜੀਬ ਮਾਮਲੇ ਨੂੰ ਲੈ ਕੇ ਅਦਾਲਤ ਨੇ ਸੀ.ਬੀ.ਆਈ. ਨੂੰ ਪਾਈ ਝਾੜ
Monday, Oct 16, 2017 - 11:22 PM (IST)
ਨਵੀਂ ਦਿੱਲੀ (ਭਾਸ਼ਾ)— ਜੇ. ਐੱਨ. ਯੂ. ਦੇ ਲਾਪਤਾ ਵਿਦਿਆਰਥੀ ਨਜੀਬ ਅਹਿਮਦ ਦੇ ਮਾਮਲੇ ਵਿਚ 'ਦਿਲਚਸਪੀ ਦੀ ਮੁਕੰਮਲ ਘਾਟ' ਅਤੇ ਕਿਸੇ ਨਤੀਜੇ 'ਤੇ ਨਾ ਪਹੁੰਚਣ ਨੂੰ ਲੈ ਕੇ ਸੀ. ਬੀ. ਆਈ. ਨੂੰ ਅੱਜ ਦਿੱਲੀ ਹਾਈ ਕੋਰਟ ਨੇ ਝਾੜ ਪਾਈ।
ਗੌਰਤਲਬ ਹੈ ਕਿ ਮਾਮਲੇ ਦੀ ਜਾਂਚ 5 ਮਹੀਨੇ ਪਹਿਲਾਂ ਸੀ. ਬੀ. ਆਈ. ਨੂੰ ਸੌਂਪੀ ਗਈ ਸੀ। ਐੱਮ. ਐੱਸ. ਸੀ. ਬਾਇਓਟੈਕਨਾਲੋਜੀ ਦਾ ਵਿਦਿਆਰਥੀ ਨਜੀਬ (27) ਜੇ. ਐੱਨ. ਯੂ. ਦੇ ਮਹਾ ਮਾਂਡਵੀ ਹੋਸਟਲ ਤੋਂ 15 ਅਕਤੂਬਰ 2016 ਨੂੰ ਲਾਪਤਾ ਹੋ ਗਿਆ ਸੀ। ਘਟਨਾ ਤੋਂ ਇਕ ਰਾਤ ਪਹਿਲਾਂ ਨਜੀਬ ਦੀ ਸੰਘ ਪਰਿਵਾਰ ਨਾਲ ਜੁੜੇ ਵਿਦਿਆਰਥੀ ਸੰਘ ਆਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਵਿਦਿਆਰਥੀਆਂ ਨਾਲ ਝੜਪ ਹੋਈ ਸੀ। ਜਸਟਿਸ ਜੀ. ਐੱਸ. ਸਿਸਤਾਨੀ ਅਤੇ ਜਸਟਿਸ ਚੰਦਰ ਸ਼ੇਖਰ ਦੀ ਬੈਂਚ ਨੇ ਦਲੀਲਾਂ ਦੌਰਾਨ ਕਿਹਾ ਕਿ ਸੀ. ਬੀ. ਆਈ. ਵਲੋਂ ਮੂੰਹ-ਜ਼ੁਬਾਨੀ ਦਿੱਤੀ ਗਈ ਜਾਣਕਾਰੀ ਅਤੇ ਸੌਂਪੀ ਗਈ ਸਥਿਤੀ ਰਿਪੋਰਟ ਵਿਚ ਵਿਰੋਧਾਭਾਸ ਤੋਂ ਉਹ ਨਾਖੁਸ਼ ਹਨ।
