ਚੌਥੇ ਦਿਨ ਵੀ ਸੁਲਗਦੇ ਰਹੇ ਨੈਨੀਤਾਲ ਦੇ ਜੰਗਲ, ਅੱਗ ਬੁਝਾਉਣ ’ਚ ਜੁਟੇ ਫ਼ੌਜ ਦੇ ਹੈਲੀਕਾਪਟਰ
Sunday, Apr 28, 2024 - 11:02 AM (IST)

ਨੈਨੀਤਾਲ (ਵਾਰਤਾ)- ਉੱਤਰਾਖੰਡ ਦੇ ਜੰਗਲਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਸੂਬੇ ਵਿਚ ਹੁਣ ਤਕ 689.89 ਹੈੱਕਟੇਅਰ ਜੰਗਲ ਅੱਗ ਦੀ ਭੇਟ ਚੜ੍ਹ ਚੁੱਕਾ ਹੈ। ਇਸ ਨਾਲ ਜੰਗਲਾਤ ਵਿਭਾਗ ਨੂੰ ਲੱਖਾਂ ਦਾ ਨੁਕਸਾਨ ਹੋਇਆ ਹੈ। ਨੈਨੀਤਾਲ ਵਿਚ ਲੱਗੀ ਅੱਗ ਚੌਥੇ ਦਿਨ ਵੀ ਜਾਰੀ ਰਹੀ, ਜਿਸ ਨੂੰ ਬੁਝਾਉਣ ਲਈ ਹਵਾਈ ਫੌਜ ਦੇ ਹੈਲੀਕਾਪਟਰ ਨੂੰ ਲਗਾਇਆ ਗਿਆ ਹੈ। ਜੰਗਲਾਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਰਾਤ ਤਕ ਪੂਰੇ ਸੂਬੇ ਦੇ ਜੰਗਲਾਂ ਵਿਚ ਅੱਗ ਲੱਗਣ ਦੀਆਂ 375 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਅੱਗ ਲੱਗਣ ਨਾਲ ਕੁਲ 689.89 ਹੈੱਕਟੇਅਰ ਰਕਬਾ ਸੜ ਕੇ ਸੁਆਹ ਹੋ ਚੁੱਕਾ ਹੈ। ਇਸ ਨਾਲ ਜੰਗਲਾਤ ਵਿਭਾਗ ਨੂੰ 14,41,771 ਰੁਪਏ ਦਾ ਨੁਕਸਾਨ ਹੋਇਆ ਹੈ। ਜੰਗਲਾਂ ਨੂੰ ਅੱਗ ਲੱਗਣ ਦੀਆਂ ਸਭ ਤੋਂ ਵੱਧ 405 ਘਟਨਾਵਾਂ ਰਾਖਵੇਂ ਜੰਗਲਾਤ ਖੇਤਰ ’ਚ ਵਾਪਰੀਆਂ ਹਨ।
ਰਾਖਵੇਂ ਜੰਗਲਾਤ ਖੇਤਰ ਦਾ 478.29 ਹੈੱਕਟੇਅਰ ਰਕਬਾ ਅੱਗ ਦੀ ਭੇਟ ਚੜ੍ਹ ਚੁੱਕਾ ਹੈ। ਇਸੇ ਤਰ੍ਹਾਂ ਸਿਵਲ ਜੰਗਲਾਤ ਖੇਤਰ ’ਚ 170 ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਵਿਚ 211.6 ਹੈੱਕਟੇਅਰ ਜੰਗਲਾਤ ਰਕਬਾ ਸੁਆਹ ਹੋ ਗਿਆ ਹੈ। ਅੱਗ ਨਾਲ ਕੁਮਾਊਂ ਡਵੀਜ਼ਨ ਕਾਫੀ ਪ੍ਰਭਾਵਿਤ ਹੋਈ ਹੈ। ਗੜਵਾਲ ਡਵੀਜ਼ਨ ’ਚ ਕੱਲ ਸ਼ਾਮ ਤਕ 211, ਜਦੋਂਕਿ ਕੁਮਾਊਂ ਡਵੀਜ਼ਨ ’ਚ 313 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਕੁਮਾਊਂ ਡਵੀਜ਼ਨ ’ਚ 395.92 ਹੈੱਕਟੇਅਰ ਰਕਬਾ ਜੰਗਲਾਂ ਦੀ ਅੱਗ ਦੀ ਭੇਟ ਚੜ੍ਹ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e