ਨੱਢਾ ਇਕ ਵਾਰ ਫਿਰ ਬਣ ਸਕਦੇ ਹਨ ਭਾਜਪਾ ਪ੍ਰਧਾਨ
Friday, Sep 09, 2022 - 11:04 AM (IST)
ਨਵੀਂ ਦਿੱਲੀ– ਭਾਜਪਾ ਲੀਡਰਸ਼ਿਪ ਪਾਰਟੀ ਪ੍ਰਧਾਨ ਜੇ. ਪੀ. ਨੱਢਾ ਨੂੰ 3 ਸਾਲ ਦਾ ਨਵਾਂ ਕਾਰਜਕਾਲ ਦੇਣ ’ਤੇ ਵਿਚਾਰ ਕਰ ਰਹੀ ਹੈ। ਅਮਿਤ ਸ਼ਾਹ ਦੇ ਕੇਂਦਰੀ ਮੰਤਰੀ ਮੰਡਲ ’ਚ ਸ਼ਾਮਲ ਹੋਣ ਤੋਂ ਬਾਅਦ 2019 ’ਚ ਨੱਢਾ ਨੇ ਕਮਾਨ ਸੰਭਾਲੀ ਸੀ। ਉਨ੍ਹਾਂ ਨੇ ਰਸਮੀ ਤੌਰ ’ਤੇ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਵੱਲੋਂ ਜਨਵਰੀ 2020 ’ਚ 3 ਸਾਲ ਦੇ ਕਾਰਜਕਾਲ ਲਈ ਚੁਣਿਆ ਗਿਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪ੍ਰਦਰਸ਼ਨ ਅਤੇ ਕੰਮਕਾਜ ਦੀ ਨਿਮਰ ਸ਼ੈਲੀ ਨੇ ਸੰਘ ਪਰਿਵਾਰ ਦੇ ਸਾਰੇ ਵਰਗਾਂ ਨੂੰ ਖੁਸ਼ ਕਰ ਦਿੱਤਾ ਹੈ ਅਤੇ ਭਾਜਪਾ ਨੇ ਉਨ੍ਹਾਂ ਦੀ ਅਗਵਾਈ ’ਚ 2024 ਦੀਆਂ ਲੋਕ ਸਭਾ ਚੋਣਾਂ ਲੜਣ ਦਾ ਫੈਸਲਾ ਕੀਤਾ ਹੈ।
ਸੰਗਠਨ ਚੋਣਾਂ ਦੀ ਪ੍ਰਕਿਰਿਆ ਜਨਵਰੀ 2023 ਤੱਕ ਭਾਜਪਾ ਪ੍ਰਧਾਨ ਦੀ ਚੋਣ ’ਚ ਖਤਮ ਹੋਣਗੀਆਂ। ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਤੋਂ ਪਹਿਲਾਂ ਲਗਭਗ ਸਾਰੇ ਸੂਬਿਆਂ ’ਚ ਬਦਲਾਅ ਕੀਤੇ ਗਏ ਹਨ। ਆਖਿਰ ’ਚ ਯੂ. ਪੀ. ਇਕਾਈ ਲਈ ਭੁਪਿੰਦਰ ਚੌਧਰੀ ਨੂੰ ਨਾਮਜ਼ਦ ਕੀਤਾ ਗਿਆ ਸੀ। ਵੱਖ-ਵੱਖ ਖੇਤਰੀ ਦਲਾਂ ਵੱਲੋਂ ਸ਼ਾਸਿਤ 3 ਸੂਬਿਆਂ ਪੱਛਮੀ ਬੰਗਾਲ, ਤੇਲੰਗਾਨਾ ਅਤੇ ਓਡਿਸ਼ਾ ਦੇ ਇੰਚਾਰਜ ਜਨਰਲ ਸਕੱਤਰ ਸੁਨੀਲ ਬੰਸਲ ਦਾ ਤਬਾਦਲਾ ਇਹ ਵੀ ਦਰਸਾਉਂਦਾ ਹੈ ਕਿ ਹਾਈਕਮਾਨ ਨੇ ਉਨ੍ਹਾਂ ਨੂੰ ਸਜ਼ਾ ਨਹੀਂ ਦਿੱਤੀ ਹੈ ਸਗੋਂ ਇਹ ਦਿੱਲੀ ’ਚ ਬੰਸਲ ਦੇ ਵਧਦੇ ਗ੍ਰਾਫ ਨੂੰ ਇਕ ਵੱਡਾ ਬੜਾਵਾ ਹੈ। ਨਾਲ ਹੀ ਇਸ ਨੂੰ ਯੋਗੀ ਆਦਿੱਤਿਆਨਾਥ ਨੂੰ ਖੁਸ਼ ਰੱਖਣ ਲਈ ਇਕ ਸ਼ਾਂਤ ਕਦਮ ਦੇ ਰੂਪ ’ਚ ਵੀ ਦੇਖਿਆ ਜਾ ਰਿਹਾ ਹੈ।
ਮੁੱਖ ਮੰਤਰੀ ਅਤੇ ਸੁਨੀਲ ਬੰਸਲ ਵਿਚਾਲੇ ਕਈ ਸਾਲਾਂ ਤੋਂ ਅਣਬਣ ਚੱਲ ਰਹੀ ਸੀ। ਬਿਹਾਰ ’ਚ ਕੁਝ ਬਦਲਾਅ ਹੋ ਸਕਦੇ ਹਨ, ਜਿਥੇ ਨਿਤੀਸ਼ ਕੁਮਾਰ ਦੇ ਗਠਜੋੜ ਤੋਂ ਬਾਹਰ ਹੋਣ ਤੋਂ ਬਾਅਦ ਰਾਜਗ ਸਰਕਾਰ ਡਿੱਗ ਗਈ ਸੀ। ਇਸ ਸਾਲ ਦੇ ਅਖੀਰ ’ਚ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ’ਚ ਵੀ ਕੁਝ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ।
ਮਹਾਰਾਸ਼ਟਰ, ਕਰਨਾਟਕ ਅਤੇ ਪੱਛਮੀ ਬੰਗਾਲ ਸਮੇਤ ਜ਼ਿਆਦਾਤਰ ਹੋਰ ਸੂਬਿਆਂ ’ਚ ਨਵੇਂ ਸੂਬਾ ਪ੍ਰਧਾਨ ਦੀ ਨਿਯੁਕਤੀ ਕੀਤੀ ਗਈ ਹੈ। ਬੀ. ਐੱਸ. ਯੇਦੀਯੁਰੱਪਾ ਨੂੰ ਭਾਜਪਾ ਸੰਸਦੀ ਬੋਰਡ ’ਚ ਲਿਆਂਦੇ ਜਾਣ ਤੋਂ ਬਾਅਦ ਕਰਨਾਟਕ ’ਚ ਮੁੱਖ ਮੰਤਰੀ ਬਦਲਣ ਦੀਆਂ ਅਟਕਲਾਂ ’ਤੇ ਰੋਕ ਲੱਗ ਗਈ ਹੈ। ਪਾਰਟੀ ਮੱਧ ਪ੍ਰਦੇਸ਼ ’ਚ ਬਦਲਾਅ ’ਤੇ ਵਿਚਾਰ ਕਰ ਰਹੀ ਹੈ ਅਤੇ ਇਹ ਪ੍ਰਕਿਰਿਆ ਉਮੀਦ ਤੋਂ ਪਹਿਲਾਂ ਪੂਰੀ ਹੋ ਸਕਦੀ ਹੈ।